ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ। ਕਾਂਗਰਸ ਵੀ ਇਹ ਚੋਣਾਂ ਜਿੱਤਣ ਲਈ ਪੂਰੀਆਂ ਤਿਆਰੀਆਂ ਕਰ ਰਹੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬਾ ਪ੍ਰਧਾਨ ਬਣਨ ਮਗਰੋਂ ਸੂਬੇ ਵਿੱਚ ਕਾਂਗਰਸ ਨੂੰ ਲਗਾਤਾਰ ਮਜ਼ਬੂਤ ਬਣਾਉਣ ਵਿੱਚ ਲੱਗੇ ਹੋਏ ਹਨ।
ਇਨ੍ਹਾਂ ਚੋਣਾਂ ਰਾਹੀਂ ਉਹ ਪਾਰਟੀ ਦੀ ਮਜ਼ਬੂਤੀ ਦਾ ਪ੍ਰਦਰਸ਼ਨ ਵੀ ਕਰਨ ਵਿੱਚ ਲੱਗੇ ਹੋਏ ਹਨ। ਰਾਜਾ ਵੜਿੰਗ ਜ਼ਿਮਨੀ ਚੋਣਾਂ ਨੂੰ ਲੈ ਕੇ ਕੁਝ ਖ਼ਾਸ ਸਾਂਝਾ ਕਰਨ ਜਾ ਰਹੇ ਹਨ, ਜਿਸ ਬਾਰੇ ਉਹ ਅੱਜ ਸ਼ਾਮ 8 ਵਜੇ ਲੋਕਾਂ ਨੂੰ ਦੱਸਣਗੇ।
ਉਨ੍ਹਾਂ ਟਵੀਟ ਕਰਕੇ ਕਿਹਾ ਕਿ ਸੰਗਰੂਰ ਦੀਆਂ ਜ਼ਿਮਨੀ ਚੋਣਾਂ, ਪੰਜਾਬੀਆਂ ਕੋਲ ਆਪਣਾ ਭਵਿੱਖ ਤੇ ਹੱਕ ਬਚਾਉਣ ਲਈ ਸੁਨਹਿਰੀ ਮੌਕਾ ਹੈ। ਅੱਜ ਸ਼ਾਮ ਨੂੰ 8 ਵਜੇ ਤੁਹਾਡੇ ਨਾਲ ਕੋਈ ਸਰਪ੍ਰਾਈਜ਼ ਸਾਂਝਾ ਕਰਾਂਗੇ, ਉਮੀਦ ਹੈ ਕਿ ਤੁਹਾਡਾ ਸਹਿਯੋਗ ਮਿਲਦਾ ਰਹੇਗਾ।
ਦੱਸ ਦੇਈਏ ਕਿ ਕਾਂਗਰਸ ਨੇ ਇਸ ਸੀਟ ਤੋਂ ਦਲਬੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਇੰਚਾਰਜ ਗੁਰਮੇਲ ਸਿੰਘ ਉਮੀਦਵਾਰ ਹਨ, ਜਦਕਿ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਤੇ ਅਕਾਲੀ ਦਲ ਨੇ ਪੰਥਕ ਸਿੰਘ ਜਥੇਬੰਦੀਆਂ ਨਾਲ ਮਿਲ ਕੇ ਸਾਂਝਾ ਉਮੀਦਵਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਉਮੀਦਵਾਰ ਐਲਾਨਿਆ ਹੈ।
ਵੀਡੀਓ ਲਈ ਕਲਿੱਕ ਕਰੋ -: