ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਸਤੀਫ਼ਾ ਦੇ ਚੁੱਕੇ ਹਨ। ਕਾਂਗਰਸ ਪਾਰਟੀ ਅੰਦਰ ਨਵਾਂ ਸੂਬਾ ਪ੍ਰਧਾਨ ਚੁਣਨ ਦੀ ਕਵਾਇਦ ਤੇਜ਼ ਹੋ ਗਈ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਣੇ ਸੂਬਾ ਪ੍ਰਧਾਨ ਬਣਨ ਦੀ ਰੇਸ ਵਿੱਚ ਕਈ ਵੱਡੇ ਚਿਹਰੇ ਸ਼ਾਮਲ ਹਨ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਦੇ ਨਾਂ ‘ਤੇ ਵੀ ਜਲਦ ਹੀ ਮੋਹਰ ਲਗਾ ਸਕਦੀ ਹੈ।
ਕਾਂਗਰਸ ਪਾਰਟੀ ਸੂਬਾ ਪ੍ਰਧਾਨ ਚੁਣਨ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਦੀ ਚੋਣ ਕਰੇਗੀ। ਰਾਜ ਸਭਾ ਸਾਂਸਦ ਤੇ ਕਾਦੀਆਂ ਸੀਟ ਤੋਂ ਵਿਧਾਇਕ ਚੁਣੇ ਗਏ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਵਿਰੋਧੀ ਧਿਰ ਨੇਤਾ ਬਣਨ ਦੀ ਰੇਸ ਵਿੱਚ ਸਭ ਤੋਂ ਅੱਗੇ ਹੈ। ਪ੍ਰਤਾਪ ਬਾਜਵਾ ਨੂੰ ਗਾਂਧੀ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਹੈ। ਬਾਜਵਾ ਦੀ ਰਾਜ ਸਭਾ ਮੈਂਬਰਸ਼ਿਪ 9 ਅਪ੍ਰੈਲ ਨੂੰ ਖਤਮ ਹੋ ਰਹੀ ਹੈ ਤੇ ਹੁਣ ਉਹ ਰਾਜ ਵਿੱਚ ਰਹਿ ਕੇ ਹੀ ਸਿਆਸਤ ਕਰਨਗੇ।
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਜਲਦ ਹੀ ਨਵਾਂ ਸੂਬਾ ਪ੍ਰਧਾਨ ਚੁਣਨ ਦੇ ਸੰਕੇਤ ਦਿੱਤੇ ਹਨ। ਹਰੀਸ਼ ਚੌਧਰੀ ਨੇ ਕਿਹਾ ਕਿ ਉਹ ਜਲਦ ਹੀ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਵੱਲੋਂ ਪੰਜਾਬ ਦੇ ਸਾਂਸਦਾਂ ਦੀ ਮੀਟਿੰਗ ਵੀ ਬੁਲਾਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਕਾਂਗਰਸ ਪਾਰਟੀ ਨੇ ਸੂਬਾ ਪ੍ਰਧਾਨ ਚੁਣਨ ਲਈ ਨੇਤਾਵਾਂ ਦੀ ਰਾਏ ਲੈਣੀ ਸ਼ੁਰੂ ਕਰ ਦਿੱਤੀ ਹੈ। ਸੂਬਾ ਪ੍ਰਧਾਨ ਦੀ ਰੇਸ ਵਿੱਚ ਸੁਖਜਿੰਦਰ ਰੰਧਾਵਾ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ, ਰਨਵੀਤ ਬਿੱਟੂ ਤੇ ਭਾਰਤ ਭੂਸ਼ਣ ਆਸ਼ੂ ਦਾ ਨਾਂ ਸ਼ਾਮਲ ਹੈ। ਹਰੀਸ਼ ਚੌਧਰੀ ਨੇ ਇਸ ਸਿਲਸਿਲੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਇੱਕ ਮੀਟਿੰਗ ਵੀ ਬੁਲਾਈ ਸੀ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸਿਰਫ਼ 18 ਸੀਟਾਂ ‘ਤੇ ਹੀ ਜਿੱਤ ਦਰਜ ਕਰ ਸਕੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਰਾਰੀ ਹਾਰ ਪਿੱਛੋਂ ਨਵਜੋਤ ਸਿੰਘ ਸਿੱਧੂ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ।