ਹਲਕਾ ਨਾਭਾ ਦੇ ਮੌਜੂਦਾ ਵਿਧਾਇਕ ਅਤੇ ਸਾ. ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਕਾਂਗਰਸ ਪਾਰਟੀ ਦੇ ਟਕਸਾਲੀ ਆਗੂਆਂ ਨੇ ਪੂਰੀ ਤਰ੍ਹਾਂ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਹਲਕਾ ਨਾਭਾ ਤੋਂ ਕਿਸੇ ਹੋਰ ਪਾਰਟੀ ਦੇ ਜੁਝਾਰੂ ਅਤੇ ਇਮਾਨਦਾਰ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ।
ਇਸ ਸਬੰਧੀ ਭਾਦਸੋਂ ਦੇ ਨੇੜਲੇ ਪਿੰਡ ਖਨੌੜਾ ਵਿਖੇ ਜਲ ਸਰੋਤ ਡਿਵੈਲਪਮੈਂਟ ਅਤੇ ਮੈਨੇਜਮੈਂਟ ਨਿਗਮ ਪੰਜਾਬ ਦੇ ਚੇਅਰਮੈਨ ਅਤੇ ਸੂਬਾ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠ ਇਲਾਕੇ ਦੇ ਕਾਂਗਰਸੀ ਪੰਚ, ਸਰਪੰਚ, ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਵਰਕਰਾਂ ਦੇ ਵੱਡੇ ਇਕੱਠ ਮੌਕੇ ਰੱਖੀ ਗਈ।
ਖਨੌੜਾ ਅਤੇ ਤੇਜਪਾਲ ਸਿੰਘ ਗੋਗੀ ਟਿਵਾਣਾ ਮੈਂਬਰ ਜਿਲ੍ਹਾ ਪ੍ਰੀਸ਼ਦ ਨੇ ਸਾਂਝੇ ਤੌਰ ‘ਤੇ ਕਿਹਾ ਕਿ ਧਰਮਸੋਤ ਵੱਲੋਂ ਵਜ਼ਾਰਤ ਵਿੱਚ ਹੋਣ ਸਮੇਂ ਜੋ ਆਪਹੁਦਰੀਆਂ ਕਰ ਕਾਂਗਰਸੀ ਵਰਕਰਾਂ ਦੀ ਦੁਰਦਸ਼ਾ ਕੀਤੀ ਗਈ ਹੈ, ਜਿਸ ਕਾਰਨ ਸਮੁੱਚੇ ਕਾਂਗਰਸੀਆਂ ਦੇ ਮਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਜਿਨ੍ਹਾਂ ਦੀ ਮੰਗ ਨੂੰ ਦੇਖਦਿਆਂ ਪਾਰਟੀ ਹਾਈ ਕਮਾਂਡ ਅੱਗੇ ਧਰਮਸੋਤ ਨੂੰ ਇਸ ਵਾਰ ਹਲਕਾ ਨਾਭਾ ਤੋਂ ਟਿਕਟ ਨਾ ਦੇਣ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਮੌਕੇ ਮੈਂਬਰ ਜਿਲ੍ਹਾ ਪ੍ਰੀਸ਼ਦ ਤੇਜਪਾਲ ਸਿੰਘ ਗੋਗੀ ਟਿਵਾਣਾ ਤੇ ਕੁਲਵਿੰਦਰ ਸਿੰਘ ਸੁੱਖੇਵਾਲ ਨੇ ਸਾਂਝੇ ਤੌਰ ‘ਤੇ ਧਰਮਸੋਤ ਦਾ ਵਿਰੋਧ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਇੰਚਾਰਜ ਹਰੀਸ਼ ਚੌਧਰੀ ਨੂੰ ਮੰਗ ਕੀਤੀ ਕਿ ਗਰੀਬ ਬੱਚਿਆਂ ਦੇ ਵਜ਼ੀਫਾ ਘੁਟਾਲੇ ਦੇ ਦੋਸ਼ਾਂ ‘ਚ ਘਿਰੇ ਵਿਅਕਤੀ ਨੂੰ ਟਿਕਟ ਦੇਣ ‘ਤੇ ਹਾਈਕਮਾਨ ਪੂਰੀ ਤਰ੍ਹਾਂ ਸੋਚ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਜੇ ਪਾਰਟੀ ਧਰਮਸੋਤ ਨੂੰ ਉਮੀਦਵਾਰ ਬਣਾਏਗੀ ਤਾਂ ਉਸ ਦਾ ਹਲਕੇ ਅੰਦਰ ਪੂਰੀ ਤਰ੍ਹਾਂ ਡਟ ਕੇ ਵਿਰੋਧ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਇਲਾਕੇ ਦੇ ਕਾਂਗਰਸੀ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਕਰਕੇ ਧਰਮਸੌਤ ਦੇ ਖਿਲਾਫ ਵੱਡੀ ਬਗਾਵਤ ਕੀਤੀ ਜਾਵੇਗੀ।
ਇਸ ਮੌਕੇ ਰਾਜ ਕੁਮਾਰ ਹੱਲ੍ਹਾ ਮੈਂਬਰ ਬਲਾਕ ਸੰਮਤੀ, ਸੁਰਜੀਤ ਸਿੰਘ ਦਰਗਾਪੁਰ ਸਾ. ਸਰਪੰਚ, ਗੁਰਬਚਨ ਸਿੰਘ ਬਿੱਲੂ ਮੱਲੇਵਾਲ, ਸਰਪੰਚ ਨੇਤਰ ਸਿੰਘ ਘੁੰਡਰ, ਸਰਪੰਚ ਹਰਬੰਸ ਸਿੰਘ ਰੈਸਲ, ਗੋਪਾਲ ਸਿੰਘ ਖਨੌੜਾ ਕੌਂਸਲਰ, ਚੇਅਰਮੈਨ ਸੁਖਵੀਰ ਸਿੰਘ ਪੰਧੇਰ, ਅਮਰਜੀਤ ਸਿੰਘ ਸਰਪੰਚ ਮੂੰਗੋਂ, ਭਗਵਾਨ ਸਿੰਘ ਸਰਪੰਚ, ਜਸਵਿੰਦਰ ਸਿੰਘ ਪੰਚ, ਡਾ. ਦਰਸ਼ਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।