ਚੰਡੀਗੜ੍ਹ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਖਨੌਰੀ ਵਿਖੇ ਸਥਿਤ 14 ਕਨਾਲ 11 ਮਰਲੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਵਸੀਅਤ ਤਿਆਰ ਕਰਨ ਦੇ ਦੋਸ਼ ਵਿੱਚ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਬਰੇਟਾ ਜ਼ਿਲ੍ਹਾ ਮਾਨਸਾ ਵਿਖੇ ਤਾਇਨਾਤ ਹੈ ਅਤੇ ਮੁਲਜ਼ਮ ਪਟਵਾਰੀ ਦੀ ਪਛਾਣ ਬਲਕਾਰ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 409, 465, 467, 468, 471 ਅਤੇ 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 13(1)(ਏ) ਅਤੇ 13(2) ਤਹਿਤ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਐਫਆਈਆਰ ਨੰ. 29 ਮਿਤੀ 23.8.23 ਨੂੰ ਦਰਜ ਕੀਤੀ ਗਈ ਹੈ ।
ਇਹ ਵੀ ਪੜ੍ਹੋ : ਸਕੂਲ ‘ਚ ਲੈਂਟਰ ਡਿਗਣ ਮਾਮਲੇ ‘ਚ CM ਮਾਨ ਨੇ ਲਿਆ ਸਖਤ ਨੋਟਿਸ, ਠੇਕੇਦਾਰ ਖਿਲਾਫ FIR ਦਰਜ ਕਰਨ ਦੇ ਦਿੱਤੇ ਹੁਕਮ
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਤਕਾਲੀ ਕਾਨੂੰਨਗੋ ਦਰਸ਼ਨ ਸਿੰਘ, ਜੋ ਹੁਣ ਬਰੇਟਾ ਵਿਖੇ ਨਾਇਬ ਤਹਿਸੀਲਦਾਰ ਹੈ, ਪਟਵਾਰੀ ਬਲਕਾਰ ਸਿੰਘ ਅਤੇ ਤਹਿਸੀਲਦਾਰ ਵਿਪਨ ਭੰਡਾਰੀ ਨੇ ਖਨੌਰੀ ਕਲਾਂ ਦੇ ਦੀਪਕ ਰਾਜ ਨਾਲ ਮਿਲੀਭੁਗਤ ਕਰਕੇ ਖਨੌਰੀ ਵਿਖੇ 14 ਕਨਾਲ 11 ਮਰਲੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਅਤੇ ਫਰਜ਼ੀ ਖਾਨਗੀ ਵਸੀਅਤ ਤਿਆਰ ਕੀਤੀ ਸੀ।
ਬੁਲਾਰੇ ਨੇ ਦੱਸਿਆ ਕਿ ਪਟਿਆਲਾ ਤੋਂ ਵਿਜੀਲੈਂਸ ਦੀਆਂ ਟੀਮਾਂ ਨੇ ਪਟਵਾਰੀ ਬਲਕਾਰ ਸਿੰਘ ਅਤੇ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਤੀਜੇ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਬੁਲਾਰੇ ਨੇ ਅੱਗੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: