ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ-ਚੇਅਰਪਰਸਨ ਵਿਕਰਮ ਕਿਰਲੋਸਕਰ ਦਾ 29 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 64 ਸਾਲਾਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਦੁਪਹਿਰ 1 ਵਜੇ ਬੈਂਗਲੁਰੂ ਦੇ ਹੇਬਲ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਕਿਰਲੋਸਕਰ ਕਾਰੋਬਾਰੀ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਮੈਂਬਰ, ਵਿਕਰਮ ਕਿਰਲੋਸਕਰ ਨੂੰ ਟੋਇਟਾ ਦੇ ਕਾਰੋਬਾਰ ਨੂੰ ਭਾਰਤ ਵਿੱਚ ਲਿਆਉਣ ਦਾ ਸਿਹਰਾ ਬਹੁਤ ਹੱਦ ਤੱਕ ਜਾਂਦਾ ਹੈ। ਕੰਪਨੀ ਨੇ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ ਹੈ।
ਵਿਕਰਮ ਕਿਰਲੋਸਕਰ ਦਾ ਜਨਮ ਨਵੰਬਰ 1958 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸ਼੍ਰੀਕਾਂਤ ਕਿਰਲੋਸਕਰ ਹੈ। ਵਿਕਰਮ ਨੇ ਊਟੀ ਦੇ ਲਾਰੈਂਸ ਸਕੂਲ ਵਿੱਚ ਪੜ੍ਹਾਈ ਕੀਤੀ। ਸਕੂਲ ਤੋਂ ਬਾਅਦ ਉਹ ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (MIT) ਵਿੱਚ ਪੜ੍ਹਨ ਲਈ ਚਲੇ ਗਏ। ਉਨ੍ਹਾਂ ਨੇ MIT ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। 2017 ਵਿੱਚ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਇੰਜੀਨੀਅਰਿੰਗ ਪਿਛੋਕੜ ਨੇ ਉਨ੍ਹਾਂ ਨੂੰ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋਣ ਵਿੱਚ ਮਦਦ ਕੀਤੀ।
ਐਮਆਈਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਵਿਕਰਮ ਕਿਰਲੋਸਕਰ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋ ਗਏ। ਸ਼ੁਰੂ ਵਿੱਚ ਉਹ ਪੁਣੇ ਵਿੱਚ ਕਿਰਲੋਸਕਰ ਕਮਿੰਸ ਵਿੱਚ ਨਿਰਮਾਣ ਵਿੱਚ ਇੱਕ ਸਿਖਿਆਰਥੀ ਵਜੋਂ ਸ਼ਾਮਲ ਹੋਏ। ਕਿਰਲੋਸਕਰ ਨੂੰ 1990 ਦੇ ਦਹਾਕੇ ਦੇ ਅਖੀਰ ਵਿੱਚ ਟੋਇਟਾ ਦੇ ਕਾਰੋਬਾਰ ਨੂੰ ਭਾਰਤ ਵਿੱਚ ਲਿਆਉਣ ਦਾ ਸਿਹਰਾ ਜਾਂਦਾ ਹੈ। ਅੱਜ ਭਾਰਤ ਵਿੱਚ ਟੋਇਟਾ ਦੇ ਕਾਰੋਬਾਰ ਵਿੱਚ ਕਈ ਕੰਪਨੀਆਂ ਸ਼ਾਮਲ ਹਨ ਜਿਨ੍ਹਾਂ ਵਿੱਚ ਕਿਰਲੋਸਕਰ ਸਿਸਟਮਸ ਇੱਕ ਹਿੱਸੇਦਾਰ ਹੈ।
ਇਹ ਵੀ ਪੜ੍ਹੋ : ਜਿਸ ਖੇਤ ‘ਚ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ, ਉਥੇ ਵੱਸ ਗਿਆ ਹੁਣ ‘ਯਾਦਗਾਰੀ’ ਬਾਜ਼ਾਰ
ਕਿਰਲੋਸਕਰ ਸਿਸਟਮਜ਼ ਲਿਮਟਿਡ ਵਿਕਰਮ ਦੀ ਮਲਕੀਅਤ ਵਾਲੀ ਇੱਕ ਹੋਲਡਿੰਗ ਅਤੇ ਨਿਵੇਸ਼ ਕੰਪਨੀ ਹੈ, ਜੋ ਟੋਇਟਾ ਨਾਲ ਮਿਲ ਕੇ ਟੈਕਸਟਾਈਲ ਮਸ਼ੀਨਰੀ, ਕਾਰ ਨਿਰਮਾਣ, ਆਟੋ ਕੰਪੋਨੈਂਟਸ, ਐਲੂਮੀਨੀਅਮ ਡਾਈ-ਕਾਸਟਿੰਗ ਅਤੇ ਹੋਰ ਖੇਤਰਾਂ ਵਿੱਚ ਮੌਜੂਦ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਪਹਿਲਾਂ ਅਸੀਂ ਟੋਇਟਾ ਦੇ ਨਾਲ ਟੈਕਸਟਾਈਲ ਦੀ ਸ਼ੁਰੂਆਤ ਕੀਤੀ ਅਤੇ ਫਿਰ ਸੋਚਿਆ ਕਿ ਸਾਨੂੰ ਕਾਰ ਕਾਰੋਬਾਰ ਵਿੱਚ ਵੀ ਆਉਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: