ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਦੀਨੇਵਾਲ ‘ਚ ਚਰਿੱਤਰ ਦੇ ਸ਼ੱਕ ‘ਚ ਭਰਾ ਨੇ ਆਪਣੀ ਛੋਟੀ ਭੈਣ ਨੂੰ ਤਲਵਾਰ ਨਾਲ ਵੱਢ ਦਿੱਤਾ। ਅਰਜਿੰਦਰ ਕੌਰ ਦਾ 11 ਅਕਤੂਬਰ ਨੂੰ ਵਿਆਹ ਹੋਣਾ ਸੀ ਅਤੇ ਉਹ ਸ਼ੁੱਕਰਵਾਰ ਨੂੰ ਘਰੋਂ ਸ਼ਾਪਿੰਗ ਲਈ ਨਿਕਲੀ ਸੀ ਕਿ ਮੁਲਜ਼ਮ ਨੇ ਉਸ ‘ਤੇ ਪਿੱਛਿਓਂ ਤਲਵਾਰ ਨਾਲ ਹਮਲਾ ਕਰ ਦਿੱਤਾ।
ਪਿੰਡ ਦੀਨੇਵਾਲ ਵਾਸੀ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ 19 ਸਾਲਾਂ ਕੁੜੀ ਅਰਜਿੰਦਰ ਕੌਰ ਦਾ ਵਿਆਹ ਤੈਅ ਸੀ। ਅਰਜਿੰਦਰ ਕੌਰ ਦਾ ਵਿਆਹ 11 ਅਕਤੂਬਰ ਨੂੰ ਹੋਣਾ ਸੀ। ਅਰਜਿੰਦਰ ਕੌਰ ਵਿਆਹ ਦੀ ਤਿਆਰੀ ਲਈ ਸ਼ੁੱਕਰਵਾਰ ਦੁਪਹਿਰ 3 ਵਜੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਮੋਟਰਸਾਈਕਲ ‘ਤੇ ਘਰੋਂ ਨਿਕਲੀ ਸੀ ਕਿ ਉਸ ਦੇ ਵੱਡੇ ਭਰਾ ਗੁਰਜੰਟ ਸਿੰਘ ਨੇ ਉਸ ‘ਤੇ ਪਿੱਛਿਓਂ ਤਲਵਾਰ ਨਾਲ ਹਮਲਾ ਕਰ ਦਿੱਤਾ।
ਮੋਟਰਸਾਈਕਲ ’ਤੇ ਰਿਸ਼ਤੇਦਾਰ ਦੇ ਪਿੱਛੇ ਬੈਠੀ ਅਰਜਿੰਦਰ ਕੌਰ ਗਲੀ ’ਚ ਡਿੱਗ ਗਈ, ਜਿਸ ਦੌਰਾਨ ਮੁਲਜ਼ਮ ਨੇ ਤਲਵਾਰ ਨਾਲ ਤਿੰਨ ਵਾਰ ਕਰ ਦਿੱਤੇ। ਅਰਜਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਸਪਾਲ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਸ ਨੇ ਆਪਣੀ ਧੀ ਦੇ ਵਿਆਹ ਲਈ ਸਖ਼ਤ ਮਿਹਨਤ ਕੀਤੀ। ਅਰਜਿੰਦਰ ਕੌਰ ਦੇ ਚਰਿੱਤਰ ‘ਤੇ ਉਸ ਦੇ ਵੱਡੇ ਭਰਾ ਗੁਰਜੰਟ ਸਿੰਘ ਨੂੰ ਸ਼ੱਕ ਸੀ, ਜਿਸ ਕਰਕੇ ਦੋਵਾਂ ਵਿੱਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਗਲਤ ਸਾਈਡ ਤੋਂ ਆ ਰਹੀ ਕਾਰ ਤੇ ਬਾਈਕ ਵਿਚਾਲੇ ਜ਼ਬਰਦਸਤ ਟੱਕਰ, 8 ਫੁੱਟ ਉਛਲਿਆ ਨੌਜਵਾਨ
ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਅਰੁਣ ਕੁਮਾਰ, ਸਟੇਸ਼ਨ ਇੰਚਾਰਜ ਰਜਿੰਦਰ ਸਿੰਘ, ਚੌਕੀ ਕੰਗ ਦੇ ਇੰਚਾਰਜ ਲਖਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਜਸਪਾਲ ਸਿੰਘ ਦੇ ਬਿਆਨਾਂ ’ਤੇ ਗੁਰਜੰਟ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਤਲ ਵਿੱਚ ਵਰਤੀ ਤਲਵਾਰ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਦੋਸ਼ੀ ਅਜੇ ਫਰਾਰ ਹੈ।
ਵੀਡੀਓ ਲਈ ਕਲਿੱਕ ਕਰੋ -: