ਭਾਰਤ ਸਰਕਾਰ ਨੇ ਈਰਾਨ ਅਤੇ ਇਜ਼ਰਾਈਲ ਨੂੰ ਲੈ ਕੇ ਇੱਕ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਈਰਾਨ ਜਾਂ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਜਿਹੜੇ ਲੋਕ ਇਜ਼ਰਾਈਲ ਜਾਂ ਈਰਾਨ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਉਥੇ ਭਾਰਤੀ ਦੂਤਾਵਾਸਾਂ ਨਾਲ ਸੰਪਰਕ ਕਰਨ ਅਤੇ ਆਪਣੀ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ। ਆਪਣੀ ਸੁਰੱਖਿਆ ਬਾਰੇ ਬਹੁਤ ਸਾਵਧਾਨ ਰਹੋ ਅਤੇ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰੋ।
ਦਰਅਸਲ ਦਹਾਕਿਆਂ ਤੋਂ ਕੱਟੜ ਵਿਰੋਧੀ ਰਹੇ ਈਰਾਨ ਅਤੇ ਇਜ਼ਰਾਈਲ ਆਹਮੋ-ਸਾਹਮਣੇ ਹਨ। ਦੂਤਘਰ ‘ਤੇ ਹਮਲੇ ਤੋਂ ਬਾਅਦ ਈਰਾਨ ਜੰਗ ਲਈ ਪੂਰੀ ਤਰ੍ਹਾਂ ਤਿਆਰ ਹੈ। ਈਰਾਨ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਜਦਕਿ ਇਜ਼ਰਾਈਲ ਇਸ ਤੋਂ ਇਨਕਾਰ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਈਰਾਨ ਅਗਲੇ 24 ਤੋਂ 48 ਘੰਟਿਆਂ ‘ਚ ਇਜ਼ਰਾਈਲ ‘ਤੇ ਹਮਲਾ ਕਰ ਸਕਦਾ ਹੈ। 1 ਅਪ੍ਰੈਲ ਨੂੰ ਦੂਤਾਵਾਸ ‘ਤੇ ਹੋਏ ਹਮਲੇ ‘ਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦਾ ਕਮਾਂਡਰ ਅਤੇ ਇਸ ਦੇ ਕਈ ਮੈਂਬਰ ਮਾਰੇ ਗਏ ਸਨ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ‘ਤੇ ਪਹੁੰਚ ਗਿਆ ਸੀ।

ਵਿਦੇਸ਼ੀ ਮੀਡੀਆ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਈਰਾਨ ਸਭ ਤੋਂ ਪਹਿਲਾਂ ਇਜ਼ਰਾਈਲ ਦੀਆਂ ਸਰਹੱਦਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਫਿਲਹਾਲ ਦੋਹਾਂ ਦੇਸ਼ਾਂ ਦੀਆਂ ਫੌਜਾਂ ਪੂਰੀ ਤਰ੍ਹਾਂ ਅਲਰਟ ‘ਤੇ ਹਨ। ਈਰਾਨ ਤੋਂ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਅਮਰੀਕਾ ਵੀ ਅਲਰਟ ‘ਤੇ ਹੈ। ਜਦੋਂ ਈਰਾਨ ਵਿੱਚ ਹਮਲਾ ਹੋਇਆ ਸੀ ਤਾਂ ਉਸ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਕਿਹਾ ਸੀ ਕਿ ਉਹ ਹਮਲੇ ਦਾ ਜਵਾਬ ਦੇਣਗੇ। ਹਮਲੇ ‘ਚ 13 ਲੋਕ ਮਾਰੇ ਗਏ ਸਨ, ਜਿਨ੍ਹਾਂ ‘ਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਸੱਤ ਅਧਿਕਾਰੀ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਸੀਨੀਅਰ ਜਨਰਲ ਮੁਹੰਮਦ ਰਜ਼ਾ ਜ਼ਾਹੇਦੀ ਅਤੇ ਉਨ੍ਹਾਂ ਦੇ ਡਿਪਟੀ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : CM ਮਾਨ ਤੇ ਕੇਜਰੀਵਾਲ ਦੀ ਮੁਲਾਕਾਤ ਦਾ ਸਮਾਂ ਤੈਅ, ਤਿਹਾੜ ਜੇਲ੍ਹ ਤੇ ਪੰਜਾਬ ਪੁਲਿਸ ਦੀ ਬੈਠਕ ‘ਚ ਹੋਇਆ ਫੈਸਲਾ
ਈਰਾਨ ਦੇ ਰਵੱਈਏ ਨੂੰ ਦੇਖਦੇ ਹੋਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਸੀਂ ਆਪਣਾ ਬਚਾਅ ਕਰਨਾ ਜਾਣਦੇ ਹਾਂ ਅਤੇ ਅਸੀਂ ਅਜਿਹਾ ਕਰਾਂਗੇ। ਜੇਕਰ ਕੋਈ ਸਾਨੂੰ ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾਉਂਦਾ ਹੈ, ਤਾਂ ਅਸੀਂ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਵਾਂਗੇ। ਨੇਤਨਯਾਹੂ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਜੰਗ ਦੀ ਆਹਟ ਸ਼ੁਰੂ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
























