Facebook Twitter penalize Trump: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਅਤੇ ਟਵਿੱਟਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਨ੍ਹਾਂ ਦੋਵਾਂ ਵੈਬਸਾਈਟਾਂ ਨੇ ਕੋਰੋਨਾ ਵਾਇਰਸ ‘ਤੇ ਝੂਠੀ ਜਾਣਕਾਰੀ ਫੈਲਾਉਣ ਦਾ ਦੋਸ਼ ਲਾਉਂਦਿਆਂ ਟਰੰਪ ਦੀ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ। ਟਰੰਪ ਦੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾ ਵਾਇਰਸ ਬੱਚਿਆਂ ਨੂੰ ਪ੍ਰਭਾਵਿਤ ਨਹੀਂ ਕਰਦਾ ਅਤੇ ਉਨ੍ਹਾਂ ਵਿੱਚ ਇਸ ਨਾਲ ਲੜਨ ਦੀ ਯੋਗਤਾ ਹੁੰਦੀ ਹੈ। ਪਰ ਅਮਰੀਕਾ ਵੱਲੋਂ ਅਜਿਹੀ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਹੈ। ਇਸ ਲਈ ਟਰੰਪ ਦੀ ਪੋਸਟ ਨੂੰ ਤੁਰੰਤ ਹਟਾ ਦਿੱਤਾ ਗਿਆ।
ਦਰਅਸਲ, ਫੇਸਬੁਕ ਵੱਲੋਂ ਇਹ ਪਹਿਲਾ ਮੌਕਾ ਹੈ ਜਦੋਂ ਕੋਰੋਨਾ ਵਾਇਰਸ ‘ਤੇ ਗਲਤ ਜਾਣਕਾਰੀ ਫੈਲਾਉਣ ਦੇ ਚੱਲਦਿਆਂ ਡੋਨਾਲਡ ਟਰੰਪ ਦੀ ਕਿਸੇ ਪੋਸਟ ਨੂੰ ਡਿਲੀਟ ਕੀਤਾ ਗਿਆ ਹੈ। ਫੇਸਬੁੱਕ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਵੀਡੀਓ ਗਲਤ ਦਾਅਵਾ ਕਰਦੀ ਹੈ। ਇੱਥੇ ਕੋਈ ਅਜਿਹਾ ਤੱਥ ਨਹੀਂ ਹੈ ਕਿ ਕਿਸੇ ਵਿਅਕਤੀ ਵਿੱਚ ਕੋਰੋਨਾ ਨਾਲ ਲੜਨ ਦੀ ਯੋਗਤਾ ਰੱਖਦਾ ਹੋਵੇ। ਇਸ ਲਈ ਇਹ ਵੀਡੀਓ ਸਾਡੀਆਂ ਨੀਤੀਆਂ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਟਵਿੱਟਰ ਨੇ ਵੀ ਕਾਰਵਾਈ ਕਰਦਿਆਂ ਉਨ੍ਹਾਂ ਦੀ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।
ਦੱਸ ਦੇਈਏ ਕਿ ਬੁੱਧਵਾਰ ਸਵੇਰੇ ਇੱਕ ਚੈਨਲ ਦੀ ਇੰਟਰਵਿਊ ਦੌਰਾਨ ਟਰੰਪ ਨੇ ਦਲੀਲ ਦਿੱਤੀ ਕਿ ਦੇਸ਼ ਭਰ ਦੇ ਸਾਰੇ ਸਕੂਲ ਖੋਲ੍ਹਣ ਦਾ ਸਮਾਂ ਆ ਗਿਆ ਹੈ । ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਕੋਰੋਨਾ ਵਾਇਰਸ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਪਰ ਨਾ ਤਾਂ WHO ਵੱਲੋਂ ਅਤੇ ਨਾ ਹੀ ਅਮਰੀਕਾ ਵੱਲੋਂ ਅਜਿਹੀ ਕੋਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਈ ਦੇ ਸ਼ੁਰੂ ਵਿੱਚ ਸੋਸ਼ਲ ਨੈੱਟਵਰਕਿੰਗ ਵੈਬਸਾਈਟ ਟਵਿੱਟਰ ਨੇ ਡੋਨਾਲਡ ਟਰੰਪ ਦੇ ਦੋ ਟਵੀਟ ਨੂੰ ‘ਗੁੰਮਰਾਹ ਕਰਨ ਵਾਲੀ ਜਾਣਕਾਰੀ’ ਦੱਸਿਆ ਗਿਆ ਸੀ। ਟਵਿੱਟਰ ਨੇ ਟਰੰਪ ਦੇ ਇਸ ਟਵੀਟ ਨਾਲ ‘ਫੈਕਟ ਚੈੱਕ’ ਦੀ ਚੇਤਾਵਨੀ ਵੀ ਲਗਾਈ ਸੀ। ਟਵਿੱਟਰ ਦੇ ਇਸ ਕਦਮ ਤੋਂ ਬਾਅਦ ਟਰੰਪ ਭੜਕ ਗਏ ਅਤੇ ਉਨ੍ਹਾਂ ਨੇ ਟਵਿੱਟਰ ਫੈਕਟ ਚੈੱਕ ਨੂੰ ਹੀ ਗਲਤ ਠਹਿਰਾ ਦਿੱਤਾ ਸੀ । ਇਸ ਤੋਂ ਇਲਾਵਾ ਟਰੰਪ ਨੇ ਟਵਿੱਟਰ ‘ਤੇ ਅਮਰੀਕੀ ਚੋਣਾਂ ਵਿੱਚ ਦਖਲ ਦੇਣ ਦਾ ਦੋਸ਼ ਵੀ ਲਾਇਆ ਸੀ।