ਦੁਬਈ ਵਿੱਚ ਇੱਕ 5 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਕੇਰਲ ਦੇ ਇੱਕ ਜੋੜੇ ਸਮੇਤ ਘੱਟੋ-ਘੱਟ ਚਾਰ ਭਾਰਤੀ ਸ਼ਾਮਲ ਹਨ। ਇਸ ਦੇ ਨਾਲ ਹੀ 9 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ ‘ਚ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ ਹੈ।
ਮੀਡੀਆ ਰਿਪੋਰਟ ਮੁਤਾਬਕ ਸ਼ਨੀਵਾਰ ਦੁਪਹਿਰ 12.35 ਵਜੇ ਦੁਬਈ ਦੇ ਪੁਰਾਣੇ ਖੇਤਰ ਅਲ ਰਾਸ ਦੀ ਇਲਾਕੇ ‘ਚ ਇਕ ਇਮਾਰਤ ਵਿਚ ਅੱਗ ਲੱਗੀ। ਇਹ ਅੱਗ ਇਮਾਰਤ ਦੇ ਚੌਥੀ ਮੰਜ਼ਿਲ ‘ਤੇ ਲੱਗੀ ਸੀ। ਅੱਗ ਇੰਨੀ ਭਿਆਨਕ ਸੀ ਕਿ ਇਹ ਹੋਰ ਖੇਤਰਾਂ ਵਿੱਚ ਵੀ ਫੈਲ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਦੁਬਈ ਸਿਵਲ ਡਿਫੈਂਸ ਹੈੱਡਕੁਆਰਟਰ ਦੀ ਇਕ ਟੀਮ ਅੱਗ ਲੱਗਣ ਵਾਲੀ ਥਾਂ ‘ਤੇ ਪਹੁੰਚੀ ਅਤੇ ਇਮਾਰਤ ‘ਚ ਮੌਜੂਦ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।
ਪੋਰਟ ਸੈਦ ਫਾਇਰ ਸਟੇਸ਼ਨ ਅਤੇ ਹਮਰਿਆਹ ਫਾਇਰ ਸਟੇਸ਼ਨ ਤੋਂ ਵੀ ਟੀਮਾਂ ਨੂੰ ਬੁਲਾਇਆ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ ਅੱਗ ‘ਤੇ ਸਥਾਨਕ ਸਮੇਂ ਮੁਤਾਬਕ ਦੁਪਹਿਰ 2:42 ਵਜੇ ਕਾਬੂ ਪਾਇਆ ਗਿਆ। ਦੁਬਈ ਪੁਲਿਸ ਮੁਰਦਾਘਰ ਵਿੱਚ ਮੌਜੂਦ ਇੱਕ ਭਾਰਤੀ ਸਮਾਜ ਸੇਵਕ ਨਸੀਰ ਵਤਨਪੱਲੀ ਨੇ ਦੱਸਿਆ ਕਿ ਪੀੜਤਾਂ ਵਿੱਚ ਕੇਰਲ ਦੇ ਇੱਕ ਜੋੜੇ ਸਮੇਤ ਚਾਰ ਭਾਰਤੀਆਂ ਦੀ ਪਛਾਣ ਕੀਤੀ ਗਈ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਫੈਨ ਬਣੀ ਅਮਰੀਕਾ ਦੀ ਵਣਜ ਮੰਤਰੀ, ਕਿਹਾ- ‘ਭਾਰਤ ਦੇ ਲੋਕਾਂ ਪ੍ਰਤੀ ਉਨ੍ਹਾਂ ਦਾ ਸਮਰਪਣ ਕਮਾਲ’
ਵਤਨਪੱਲੀ ਨੇ ਕਿਹਾ, “ਹੁਣ ਤੱਕ ਅਸੀਂ 4 ਭਾਰਤੀਆਂ ਦੀ ਪਛਾਣ ਕਰ ਚੁੱਕੇ ਹਾਂ, ਜਿਨ੍ਹਾਂ ਵਿੱਚ ਕੇਰਲ ਦੇ ਇੱਕ ਜੋੜੇ ਅਤੇ ਤਾਮਿਲਨਾਡੂ ਦੇ ਦੋ ਪੁਰਸ਼ ਸ਼ਾਮਲ ਹਨ, ਜੋ ਇਮਾਰਤ ਵਿੱਚ ਕੰਮ ਕਰਦੇ ਸਨ। ਇਸ ਦੇ ਨਾਲ ਹੀ 3 ਪਾਕਿਸਤਾਨੀ ਚਚੇਰੇ ਭਰਾ ਅਤੇ ਇੱਕ ਨਾਈਜੀਰੀਅਨ ਔਰਤ ਵੀ ਸ਼ਾਮਲ ਹੈ। ਦੁਬਈ ਸਿਵਲ ਡਿਫੈਂਸ ਦੇ ਬੁਲਾਰੇ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਮਾਰਤ ਵਿੱਚ ਸੁਰੱਖਿਆ ਲੋੜਾਂ ਦੀ ਘਾਟ ਸੀ। ਮਾਮਲੇ ਸਬੰਧੀ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: