ਚੀਨ ਵਿੱਚ ਇੱਕ ਸ਼ੋਅ ਦੌਰਾਨ ਜਿਮਨਾਸਟਿਕ ਕਰਦੇ ਸਮੇਂ ਡਿੱਗਣ ਨਾਲ ਇੱਕ ਐਕਰੋਬੈਟ ਦੀ ਮੌਤ ਹੋ ਗਈ। ਘਟਨਾ 15 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਸੂਚਨਾ ਮੁਤਾਬਕ ਮਹਿਲਾ ਐਕਰੋਬੈਟ ਆਪਣੇ ਪਤੀ ਨਾਲ ਹਵਾ ‘ਚ ਐਕਰੋਬੈਟਿਕਸ ਕਰ ਰਹੀ ਸੀ। ਇਸ ਦੌਰਾਨ ਅਚਾਨਕ ਉਸਦਾ ਹੱਥ ਛੁੱਟ ਗਿਆ ਅਤੇ ਉਹ 30 ਫੁੱਟ ਹੇਠਾਂ ਸਟੇਜ ‘ਤੇ ਡਿੱਗ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਮੀਡੀਆ ਰਿਪੋਰਟ ਮੁਤਾਬਕ 37 ਸਾਲਾ ਸਨ ਮੌਮੋ ਚੀਨ ਦੇ ਮੱਧ ਅਨਹੂਈ ਸੂਬੇ ਦੇ ਹੌਗਾਓ ਪਿੰਡ ਵਿੱਚ ਆਪਣੇ ਪਤੀ ਝਾਂਗ ਮੌਮੋ ਨਾਲ ਪ੍ਰਦਰਸ਼ਨ ਕਰ ਰਹੀ ਸੀ। ਦੋਵੇਂ ਕੇਬਲ ਦੀ ਮਦਦ ਨਾਲ ਸਟੇਜ ਤੋਂ 30 ਫੁੱਟ ਦੀ ਉਚਾਈ ‘ਤੇ ਪਹੁੰਚੇ। ਇੱਥੇ ਪਰਫਾਰਮ ਕਰਦੇ ਹੋਏ ਸਨ ਮੌਮੋ ਆਪਣੇ ਪਤੀ ਝਾਂਗ ਦੇ ਪੈਰਾਂ ‘ਤੇ ਪੈਰ ਰੱਖ ਕੇ ਖੜ੍ਹੀ ਹੋ ਗਈ। ਇਸ ਦੌਰਾਨ ਉਸ ਦਾ ਹੱਥ ਛੱਡ ਦਿੱਤਾ ਗਿਆ। ਝਾਂਗ ਨੇ ਉਸ ਨੂੰ ਲੱਤਾਂ ਤੋਂ ਫੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਅਤੇ ਉਹ ਹੇਠਾਂ ਡਿੱਗ ਗਈ। ਘਟਨਾ ਤੋਂ ਤੁਰੰਤ ਬਾਅਦ ਸਨ ਮੌਮੋ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਤਿਆਰ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਲਾਂਚ
ਇਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਬਿਨਾਂ ਕਿਸੇ ਸੁਰੱਖਿਆ ਉਪਕਰਨ ਦੇ ਕਲਾਬਾਜ਼ੀ ਕਰ ਰਹੇ ਸਨ। ਸਥਾਨਕ ਮੀਡੀਆ ਮੁਤਾਬਕ ਐਕਰੋਬੈਟਿਕਸ ਕਰਨ ਤੋਂ ਪਹਿਲਾਂ ਪਤੀ-ਪਤਨੀ ਵਿਚਾਲੇ ਸੇਫਟੀ ਲਾਈਨ ਨੂੰ ਲੈ ਕੇ ਬਹਿਸ ਹੋ ਗਈ ਸੀ। ਸ਼ੋਅ ਦੌਰਾਨ ਵਧੀਆ ਦਿਖਣ ਲਈ, ਸਨ ਨੇ ਸੁਰੱਖਿਆ ਲਾਈਨ ਪਹਿਨਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਝਾਂਗ ਨੇ ਕਿਸੇ ਵੀ ਤਰ੍ਹਾਂ ਦੀ ਬਹਿਸ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਆਪਣੀ ਪਤਨੀ ਨਾਲ ਚੰਗੇ ਸਬੰਧ ਸਨ ਅਤੇ ਕਦੇ ਲੜਾਈ ਨਹੀਂ ਹੋਈ।
ਸ਼ੋਅ ਦੇਖਣ ਆਏ ਇਕ ਚਸ਼ਮਦੀਦ ਨੇ ਕਿਹਾ- ਇੰਨੇ ਖਤਰਨਾਕ ਐਕਰੋਬੈਟਿਕਸ ਦੌਰਾਨ ਸ਼ੋਅ ਦੇ ਆਯੋਜਕ ਨੇ ਸੁਰੱਖਿਆ ਜਾਲ ਵੀ ਨਹੀਂ ਲਗਾਇਆ ਸੀ। ਇਸ ਦੇ ਨਾਲ ਹੀ ਸੜਕਾਂ ਤੰਗ ਹੋਣ ਕਾਰਨ ਐਂਬੂਲੈਂਸ ਨੂੰ ਮੌਕੇ ’ਤੇ ਪੁੱਜਣ ਵਿੱਚ ਕਾਫੀ ਸਮਾਂ ਲੱਗ ਗਿਆ। ਸੂਚਨਾ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਅਧਿਕਾਰੀ ਨੇ ਕਿਹਾ- ਅਸੀਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: