ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਵਿੱਚ ਹੁਣ ਤੱਕ ਵੱਡੀ ਗਿਣਤੀ ਵਿੱਚ ਕਿਸਾਨ ਆਪਣੀ ਕੁਰਬਾਨੀ ਦੇ ਚੁੱਕੇ ਹਨ। ਹੁਣ ਫਿਰ ਇੱਕ ਹੋਰ ਕਿਸਾਨ ਜੋਕਿ ਸਿੰਘੂ ਬਾਰਡਰ ‘ਤੇ ਧਰਨੇ ਤੋਂ ਵਾਪਿਸ ਪਰਤਿਆ ਸੀ, ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਮੁਤਾਬਕ ਭਵਾਨੀਗੜ੍ਹ ਦੇ ਪਿੰਡ ਫੰਮਣਵਾਲਾ ਦਾ ਰਹਿਣ ਵਾਲਾ 60 ਸਾਲਾ ਕਿਸਾਨ ਮੱਘਰ ਸਿੰਘ ਪੁੱਤਰ ਆਤਮਾ ਸਿੰਘ ਸਿੰਘੂ ਬਾਰਡਰ ਵਿੱਚ ਚੱਲ ਰਹੇ ਧਰਨੇ ਤੋਂ ਵਾਪਿਸ ਆਉਂਦੇ ਹੀ ਬੀਮਾਰ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਮੱਘਰ ਸਿੰਘ ਸਿੰਘੂ ਬਾਰਡਰ ਤੋਂ ਕਿਸਾਨੀ ਸੰਘਰਸ਼ ‘ਚ ਹਿੱਸਾ ਲੈ ਕੇ ਰੇਲ ਗੱਡੀ ਰਾਹੀਂ ਵਾਪਸ ਆ ਰਿਹਾ ਸੀ ਤਾਂ ਨਾਭਾ ਦੇ ਕੋਲ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ। ਉਸ ਨੇ ਦਵਾਈ ਲਈ ਪਰ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਮੱਘਰ ਸਿੰਘ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਅਖੀਰ 10ਵੀਂ ‘ਚੋਂ ਪਾਸ ਹੋ ਗਏ ਚੌਟਾਲਾ ਜੀ- ਹਰਿਆਣਾ ਦੇ ਸਾਬਕਾ CM ਨੇ 86 ਸਾਲ ਦੀ ਉਮਰ ‘ਚ ਕੀਤਾ ਪੇਪਰ ਕਲੀਅਰ
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਨੂੰ 9 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਕਿਸਾਨਾਂ ਨੇ ਜਿਥੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਠਾਣੀ ਹੈ, ਉਥੇ ਹੀ ਸਰਕਾਰ ਵੀ ਆਪਣੇ ਫੈਸਲੇ ਤੋਂ ਹਿਲਦੀ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਸੰਘਰਸ਼ ਕਰ ਰਹੇ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਸਰਕਾਰ ਦੇ ਅੜੀਅਲ ਵਤੀਰੇ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।