ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 92 ਸੀਟਾਂ ਲੈ ਕੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਉਥੇ ਹੀ ਬਠਿੰਡਾ ਵਿਧਾਨ ਸਭਾ ਦੀਆਂ ਛੇ ਦੀਆਂ ਛੇ ਸੀਟਾਂ ‘ਆਪ’ ਦੇ ਨਾਂ ਰਹੀਆਂ। ਬਠਿੰਡਾ ਦੀਆਂ ਛੇ ਸੀਟਾਂ ਵਿੱਚੋਂ ਭੁੱਚੋ ਤੇ ਰਾਮਪੁਰਾ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ ਵਿੱਚ ‘ਆਪ’ ਉਮੀਦਵਾਰਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਰਿਹਾ, ਜਦਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਆਪ’ ਦੇ ਉਮੀਦਵਾਰ ਜਗਰੂਪ ਗਿੱਲ ਤੋਂ ਸਭ ਤੋਂ ਵੱਧ ਵੋਟਾਂ ਤੋਂ ਹਾਰ ਗਏ।
ਬਠਿੰਡਾ ਸ਼ਹਿਰੀ ਸੀਟ ‘ਤੇ ‘ਆਪ’ ਉਮੀਦਵਾਰ ਜਗਰੂਪ ਗਿੱਲ ਨੂੰ 91509 ਤਾਂ ਮਨਪ੍ਰੀਤ ਬਾਦਲ ਨੂੰ 29190 ਵੋਟਾਂ ਪਈਆਂ। ਮੌੜ ਮੰਡੀ ਸੀਟ ‘ਤੇ ‘ਆਪ’ ਉਮੀਦਵਾਰ ਸੁਖਬੀਰ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਲੱਖਾ ਨਾਲ ਰਿਹਾ, ਜਦਕਿ ਕਾਂਗਰਸੀ ਉਮੀਦਵਾਰ ਚੋਣਾਂ ਵਿੱਚ ਕਿਸੇ ਵੀ ਸੀਟ ‘ਤੇ ਵਿਰੋਧੀ ਉਮੀਦਵਾਰ ਨੂੰ ਸਖਤ ਟੱਕਰ ਨਹੀਂ ਦੇ ਸਕੇ।
ਰਾਮਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ 55715 ਵੋਟਾਂ ਲੈ ਕੇ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿੰਕਦਰ ਸਿੰਘ ਮਲੂਕਾ ਨੂੰ 45386 ਵੋਟਾਂ ਤੇ ਕਾਂਗਰਸ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੂੰ 28077 ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਬਲਜਿੰਦਰ ਸਿੰਘ ਨੂੰ 2529 ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 1023 ਵੋਟਾਂ ਮਿਲੀਆਂ। ਇਸੇ ਤਰ੍ਹਾਂ ਭੁੱਚੋਂ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਜਗਸੀਰ ਸਿੰਘ 85778 ਲੈ ਕੇ ਜੇਤੂ ਰਹੇ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫ਼ੱਤਾ ਨੂੰ 35566 , ਕਾਂਗਰਸ ਦੇ ਪ੍ਰੀਤਮ ਸਿੰਘ ਕੋਟਭਾਈ ਨੂੰ 20681 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰ ਬਲਦੇਵ ਸਿੰਘ ਅਕਲੀਆਂ ਨੇ 2546 ਤੇ ਭਾਜਪਾ ਉਮੀਦਵਾਰ ਰੁਪਿੰਦਰ ਸਿੰਘ ਨੇ 2330 ਵੋਟਾਂ ਪ੍ਰਾਪਤ ਕੀਤੀਆਂ।
ਬਠਿੰਡਾ (ਦਿਹਾਤੀ) ਤੋਂ ‘ਆਪ’ ਦੇ ਅਮਿਤ ਰਤਨ 66096 ਵੋਟਾਂ ਲੈ ਕੇ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪ੍ਰਕਾਸ਼ ਭੱਟੀ ਨੂੰ 30617 ਵੋਟਾਂ, ਕਾਂਗਰਸ ਦੇ ਹਰਵਿੰਦਰ ਸਿੰਘ ਨੂੰ 22716 ਅਤੇ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਨੂੰ 1130 ਵੋਟਾਂ ਮਿਲੀਆਂ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ 48753 ਵੋਟਾਂ ਲੈ ਕੇ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਜੀਤ ਮੋਹਿੰਦਰ ਸਿੰਘ ਸਿੱਧੂ ਨੇ 35501 , ਕਾਂਗਰਸ ਦੇ ਖੁਸ਼ਬਾਜ ਸਿੰਘ ਜਟਾਣਾ ਨੇ 26628, ਆਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੇ 12623 ਅਤੇ ਭਾਜਪਾ ਦੇ ਰਵੀਪ੍ਰੀਤ ਸਿੰਘ ਨੇ 4369 ਵੋਟਾਂ ਪ੍ਰਾਪਤ ਕੀਤੀਆਂ। ਮੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਬੀਰ ਸਿੰਘ ਮਾਈਸਰਖ਼ਾਨਾ 63099 ਵੋਟਾਂ ਲੈ ਕੇ ਜੇਤੂ ਰਹੇ। ਇਥੇ ਆਜ਼ਾਦ ਉਮੀਦਵਾਰ ਲੱਖਾ ਸਿੰਘ ਸਿਧਾਣਾ ਨੂੰ 28091 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨੂੰ 23355 ਵੋਟਾਂ, ਕਾਂਗਰਸ ਦੇ ਡਾ. ਮਨੋਜ ਬਾਲਾ ਬਾਂਸਲ ਨੇ 15034 ਅਤੇ ਭਾਜਪਾ ਦੇ ਦਿਆਲ ਸੋਢੀ ਨੇ 3418 ਵੋਟਾਂ ਪ੍ਰਾਪਤ ਕੀਤੀਆਂ।