ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ਨੇ ਕਾਂਗਰਸ ਤੋਂ ਅਸਤੀਫ਼ੇ ਪਿੱਛੋਂ ਪਾਰਟੀ ‘ਤੇ ਕਈ ਵੱਡੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਲੁਧਿਆਣਾ ਦੇ ਸਾਊਥ ਹਲਕੇ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ, ਕਿਉਂਕਿ ਪ੍ਰਿਅੰਕਾ ਗਾਂਧੀ ਦੇ ਚੋਣ ਪ੍ਰਚਾਰ ਲਈ ਕਿਰਾਏ ’ਤੇ ਹੈਲੀਕਾਪਟਰ ਮੰਗਿਆ ਗਿਆ ਸੀ।

ਇਸ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆ ਕਿ ਟਿਕਟਾਂ ਵੀਹ-ਵੀਹ ਕਰੋੜ ਰੁਪਏ ਵਿੱਚ ਵੇਚੀਆਂ ਗਈਆਂ ਹਨ ਤਾਂ ਜੋ ਇਸ ਪੈਸੇ ਦੀ ਵਰਤੋਂ ਪਾਰਟੀ ਦੀ ਉੱਤਰ ਪ੍ਰਦੇਸ਼ ਚੋਣ ਪ੍ਰਚਾਰ ਲਈ ਕੀਤੀ ਜਾ ਸਕੇ ਅਤੇ ਭਾਜਪਾ ਦੀ ਯੂਪੀ ਸਰਕਾਰ ਨੂੰ ਮੁਕਾਬਲਾ ਦਿੱਤਾ ਜਾ ਸਕੇ।
ਅਮਰਜੀਤ ਸਿੰਘ ਟਿੱਕਾ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਹਲਕਾ ਆਤਮਾ ਨਗਰ ਅਤੇ ਹਲਕਾ ਦੱਖਣੀ ਲਈ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਸੀ। ਪਰ ਆਤਮ ਨਗਰ ਤੋਂ ਕਮਲਜੀਤ ਸਿੰਘ ਕੜਵਲ ਨੂੰ ਟਿਕਟ ਦਿੱਤੀ ਗਈ, ਜੋ ਪਹਿਲਾਂ ਹੀ ਸਿਮਰਜੀਤ ਸਿੰਘ ਬੈਂਸ ਤੋਂ ਹਾਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:

“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”

ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪਾਰਟੀ ਵਿੱਚ ਬੁਲਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਜੇ ਉਹ ਸਰਵੇਅ ਵਿੱਚ ਪਿੱਛੇ ਹਨ ਤਾਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ, ਪਰ ਇਸ ਵਾਰ ਉਨ੍ਹਾਂ ਨੂੰ ਕੁਝ ਨਹੀਂ ਪੁੱਛਿਆ ਗਿਆ ਅਤੇ ਨਾ ਹੀ ਦੱਸਿਆ ਗਿਆ। ਟਿਕਟਾਂ ਸਿੱਧੀਆਂ ਵੇਚ ਦਿੱਤੀਆਂ ਗਈਆਂ, ਜਿਸ ਨੇ ਪੈਸੇ ਦਿੱਤੇ, ਉਸ ਨੂੰ ਟਿਕਟ ਦੇ ਦਿੱਤੀ ਗਈ।
ਅਮਰਜੀਤ ਸਿੰਘ ਟਿੱਕਾ ਨੇ ਦੋਸ਼ ਲਾਇਆ ਕਿ ਹੁਣ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੈਸੇ ਦੇ ਕੇ ਆਪਣੀ ਟਿਕਟ ਲਿਆਏ ਹਨ। ਰੇਤ ਜਾਂ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਨੂੰ ਹੀ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਨਵਜੋਤ ਸਿੰਘ ਸਿੱਧੂ ਨੂੰ ਵੀ ਪੈਸੇ ਦੇ ਕੇ ਟਿਕਟ ਦਿੱਤੀ ਗਈ ਹੈ।






















