ਚੰਡੀਗੜ੍ਹ : ਪੰਜਾਬ ਵਿਜੀਲੈਂਸ ਨੇ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਮਲਵਿੰਦਰ ਸਿੰਘ ਨੂੰ ਜਗਤਾਰ ਸਿੰਘ ਵਾਸੀ ਪਿੰਡ ਹਿਮਾਣਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਲਜ਼ਮ ਏ.ਐਸ.ਆਈ. ਨੇ ਆਈ.ਪੀ.ਸੀ. ਦੀ ਧਾਰਾ 420, 406, 120-ਬੀ, 506 ਤਹਿਤ ਥਾਣਾ ਸਿਟੀ -1, ਮਾਲੇਰਕੋਟਲਾ ਵਿਖੇ ਦਰਜ ਐਫ.ਆਈ.ਆਰ ਨੰਬਰ 123 ਮਿਤੀ 19-05-2022 ‘ਚੋਂ ਉਸ (ਸ਼ਿਕਾਇਤਕਰਤਾ) ਦੇ ਲੜਕੇ ਪਵਨਪ੍ਰੀਤ ਸਿੰਘ ਦਾ ਨਾਮ ਕਢਵਾਉਣ ਬਦਲੇ ਰਿਸ਼ਵਤ ਵਜੋਂ 50,000 ਰੁਪਏ ਮੰਗੇ ਸਨ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਪਹਿਲਾਂ ਹੀ ਉਸ ਤੋਂ 10 ਹਜ਼ਾਰ ਰੁਪਏ ਲੈ ਚੁੱਕਾ ਹੈ।
ਮੁੱਢਲੀ ਜਾਂਚ ਤੋਂ ਬਾਅਦ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੀ ਟੀਮ ਨੇ ਮੁਲਜ਼ਮ ASI ਨੂੰ ਫੜਨ ਲਈ ਟਰੈਪ ਲਗਾਇਆ ਪਰ ਮੁਲਜ਼ਮ ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਸ਼ਿਕਾਇਤਕਰਤਾ ਤੋਂ ਪ੍ਰਾਪਤ ਕੀਤੀ 10,000 ਰੁਪਏ ਰਿਸ਼ਵਤ ਸਮੇਤ ਆਪਣੀ ਸਵਿਫਟ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਤਾਂ ਬਾਲਦ ਕੈਂਚੀਆਂ (ਭਵਾਨੀਗੜ੍ਹ) ਨੇੜੇ ਉਸ ਦੀ ਕਾਰ ਬਰਾਮਦ ਹੋਈ। ਕਾਰ ਦੀ ਚੈਕਿੰਗ ਦੌਰਾਨ ਉਸ ਵਿੱਚੋਂ 460 ਗ੍ਰਾਮ ਭੁੱਕੀ ਅਤੇ 9 ਗ੍ਰਾਮ ਅਫ਼ੀਮ ਤੋਂ ਇਲਾਵਾ ਰਿਸ਼ਵਤ ਦੇ 10,000 ਰੁਪਏ ਬਰਾਮਦ ਹੋਏ।
ਇਹ ਵੀ ਪੜ੍ਹੋ : ਪੰਜਾਬ ‘ਚ ਭਲਕੇ ਸਕੂਲ ਰਹਿਣਗੇ ਬੰਦ, ਮਨੀਪੁਰ ‘ਚ ਹਿੰਸਕ ਝੜਪ ਤੋਂ ਬਾਅਦ ਦਲਿਤ-ਈਸਾਈ ਭਾਈਚਾਰੇ ਵੱਲੋਂ ਬੰਦ ਦੀ ਕਾਲ
ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਏ.ਐਸ.ਆਈ. ਮਾਲਵਿੰਦਰ ਸਿੰਘ ਦੇ ਖਿਲਾਫ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਆਰਥਿਕ ਅਪਰਾਧ ਸ਼ਾਖਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫਆਈਆਰ ਨੰਬਰ 11 ਦਰਜ ਕੀਤੀ ਗਈ ਹੈ। ਪੁਲਿਸ ਨੇ ਉਸਦੇ ਖਿਲਾਫ ਥਾਣਾ ਭਾਦਸੋਂ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 15 ਅਤੇ 18 ਤਹਿਤ FIR ਨੰਬਰ 137 ਮਿਤੀ 8.8.2023 ਤਹਿਤ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: