ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸੀਆਈਏ ਸਟਾਫ-1 ਦੀ ਪੁਲਿਸ ਨੇ ਇੱਕ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਰਾਤ ਸਮੇਂ ਕਿਸਾਨਾਂ ਦੇ ਖੇਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਗਰੋਹ ਦੇ ਮੈਂਬਰ ਖੇਤਾਂ ਵਿੱਚ ਲੱਗੇ ਸਾਮਾਨ ਦੀ ਚੋਰੀ ਕਰਦੇ ਸਨ। ਪੁਲਿਸ ਨੇ ਗਿਰੋਹ ਦੇ 3 ਮੈਂਬਰਾਂ ਅਤੇ ਇੱਕ ਕਬਾੜੀਏ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਸੀਆਈਏ-1 ਦੇ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਕਾਰਾਂ ਵੀ ਚੋਰੀ ਕਰਦੇ ਸਨ। ਮੁਲਜ਼ਮ ਵਾਰਦਾਤ ਵਾਲੀ ਥਾਂ ਤੋਂ ਦੂਰ ਕਿਸੇ ਕਬਾੜ ਵਿੱਚ ਗੱਡੀਆਂ ਦੇ ਪੁਰਜੇ ਕੱਢਕੇ ਵੇਚਦੇ ਸਨ। ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਵਿੱਚ ਕਬਾੜੀਆ ਵੀ ਸ਼ਾਮਲ ਹੈ, ਜਿਸ ਦੀ ਵਰਤੋਂ ਚੋਰੀ ਦਾ ਸਾਮਾਨ ਵੇਚਣ ਲਈ ਕੀਤੀ ਜਾਂਦੀ ਸੀ। ਮੁਲਜ਼ਮਾਂ ਦੀ ਪਛਾਣ ਨੀਤੂ ਸਿੰਘ ਵਾਸੀ ਅਨੰਤ ਵਿਹਾਰ ਕੋਹਾੜਾ ਰੋਡ ਸਾਹਨੇਵਾਲ, ਰਿਸ਼ੀਪਾਲ ਉਰਫ਼ ਰਿਸ਼ੀ ਪਿੰਡ ਮਾਨਵੀ ਜ਼ਿਲ੍ਹਾ ਮਾਲੇਰਕੋਟਲਾ ਅਤੇ ਜੀਵਨ ਵਾਸੀ ਪਿੰਡ ਬਰੀਮਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।
ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਰਾਤ ਸਮੇਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਰਾਤ ਸਮੇਂ ਕਿਸਾਨਾਂ ਦੇ ਖੇਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਕਿਸਾਨਾਂ ਦੇ ਖੇਤਾਂ ‘ਚੋਂ ਲਿਸਟਰ ਇੰਜਣ, ਬਿਜਲੀ ਦੀਆਂ ਮੋਟਰਾਂ, ਬੈਂਡ ਪਾਈਪਾਂ, ਖੇਤਾਂ ‘ਚ ਬਣੇ ਮੋਟਰਾਂ ਦੇ ਦਰਵਾਜ਼ੇ ਚੋਰੀ ਕਰਦੇ ਸਨ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: