ਲੁਧਿਆਣਾ ਦੇ ਰਾਏਕੋਟ ਦੇ ਪਿੰਡ ਤਾਜਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਵਿਆਹ ਦੇ ਸਾਢੇ ਸੱਤ ਸਾਲ ਬਾਅਦ ਵੀ ਬੱਚਾ ਨਾ ਹੋਣ ਕਰਕੇ ਕਥਿਤ ਤੌਰ ‘ਤੇ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਮੁਤਾਬਕ ਦੋਸ਼ੀ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ। ਸਦਰ ਰਾਏਕੋਟ ਪੁਲਿਸ ਨੇ ਦੋਸ਼ੀ ਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀ ਪਤੀ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਹੈ।
ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ (31) ਵਜੋਂ ਹੋਈ ਹੈ। ਉਸ ਦੀ ਮਾਂ ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਸ਼ਰਨਜੀਤ ਦੇ ਬੱਚਾ ਨਾ ਹੋਣ ‘ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। 10 ਜਨਵਰੀ ਨੂੰ ਵੀ ਦੋਸ਼ੀ ਨੇ ਉਸ ਦੀ ਧੀ ਨੂੰ ਫਿਰ ਕੁੱਟਿਆ ਸੀ। ਉਸ ਦੀ ਧੀ ਨੇ ਉਸ ਨੂੰ ਜਦੋਂ ਇਹ ਦੱਸਿਆ ਤਾਂ ਉਸ ਨੇ ਸਰਨਜੀਤ ਨੂੰ ਫੋਨ ਕੀਤਾ। ਉਸ ਨੂੰ ਸਮਝਾਇਆ, ਪਰ ਉਹ ਨਾ ਮੰਨਿਆ।
ਔਰਤ ਨੇ ਦੱਸਿਆ ਕਿ 11 ਜਨਵਰੀ ਨੂੰ ਸ਼ਰਨਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਜਸਵਿੰਦਰ ਕੌਰ ਬਾਥਰੂਮ ‘ਚ ਡਿੱਗ ਕੇ ਬੇਹੋਸ਼ ਹੋ ਗਈ ਹੈ, ਜਿਸ ਤੋਂ ਬਾਅਦ ਉਹ ਪਿੰਡ ਤਾਜਪੁਰ ਪਹੁੰਚੀ। ਜਦੋਂ ਉਹ ਉੱਥੇ ਪਹੁੰਚੀ ਤਾਂ ਉਸ ਨੇ ਆਪਣੀ ਬੇਟੀ ਨੂੰ ਬੈੱਡ ‘ਤੇ ਬੇਹੋਸ਼ੀ ਦੀ ਹਾਲਤ ‘ਚ ਦੇਖਿਆ। ਉਸ ਦੇ ਮੂੰਹ ਅਤੇ ਨੱਕ ਵਿੱਚੋਂ ਝੱਗ ਨਿਕਲ ਰਹੀ ਸੀ।
ਪੁੱਛਣ ‘ਤੇ ਸ਼ਰਨਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਕੋਈ ਦੌਰਾ ਪਿਆ ਹੋਵੇਗਾ ਅਤੇ ਉਹ ਜਲਦੀ ਹੀ ਠੀਕ ਹੋ ਜਾਵੇਗੀ, ਜਿਸ ਤੋਂ ਬਾਅਦ ਉਹ ਆਪਣੀ ਧੀ ਨੂੰ ਹਸਪਤਾਲ ਲੈ ਗਈ, ਜਿੱਥੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਤੰਗ ਵੇਖਣ ਦੇ ਚੱਕਰ ‘ਚ ਚਾਇਨਾ ਡੋਰ ਦੀ ਲਪੇਟ ‘ਚ ਆਇਆ 4 ਸਾਲਾਂ ਬੱਚਾ, ਮੂੰਹ ‘ਤੇ ਲੱਗੇ 120 ਟਾਂਕੇ
ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਨੇ ਆਪਣੇ ਪਤੀ ‘ਤੇ ਜ਼ਹਿਰ ਦੇਣ ਦਾ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੋਸ਼ੀ ਨੂੰ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਫਰਾਰ ਹੋਣ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਹੈ।
ਜਸਵਿੰਦਰ ਕੌਰ ਦੇ ਪਿਤਾ ਕੈਨੇਡਾ ਰਹਿੰਦੇ ਹਨ। ਉਸ ਦੇ ਆਉਣ ਤੋਂ ਬਾਅਦ ਹੀ ਜਸਵਿੰਦਰ ਦਾ ਸਸਕਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਕੌਰ ਦੇ ਮਾਮੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਤਿੰਨ ਲੋਕਾਂ ਦੇ ਨਾਂ ਲਿਖੇ ਸਨ ਪਰ ਪੁਲਿਸ ਨੇ ਸਿਰਫ ਇਕ ਖਿਲਾਫ ਮਾਮਲਾ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: