ਗੁਰਦਾਸਪੁਰ: ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ। ਗੁਰਦਾਸਪੁਰ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕਰਦਿਆਂ ਇੱਕ ਔਰਤ ਸਣੇ 3 ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ 17.960 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ, ਜੋ ਇਸ ਨੂੰ ਸ੍ਰੀਨਗਰ ਰਾਹੀਂ ਅੰਮ੍ਰਿਤਸਰ ਲਿਜਾ ਰਹੀ ਸੀ। ਡੀਜੀਪੀ ਗੌਰਵ ਯਾਦਵ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਹੈਂਡਲ ‘ਤੇ ਦਿੱਤੀ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਨਸ਼ੀਲੇ ਪਦਾਰਥਾਂ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਫਤੀਸ਼ ਜਾਰੀ ਹੈ। ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।
ਮਿਲੀ ਜਾਣਕਾਰੀ ਮੁਤਾਬਕ ਇਕ ਕਾਰ ਸਵਾਰ ਪਠਾਨਕੋਟ ਵਾਲੇ ਪਾਸਿਓਂ ਆ ਰਿਹਾ ਸੀ, ਜਦੋਂ ਉਸ ਨੂੰ ਬਰਿਆਰ ਬਾਈਪਾਸ ਨੇੜੇ ਰੋਕਿਆ ਗਿਆ ਤਾਂ ਉਸ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਰ ਸਮੇਤ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਉਸ ‘ਚੋਂ 18 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 95 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਬਰਾਮਦ ਹੋਈ ਕਾਰ ਪੰਜਾਬ ਨੰਬਰ ਦੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਣਿਆ ਨਵਾਂ ਕ੍ਰਿਕਟ ਸਟੇਡੀਅਮ, ਹੁਣ ਮੋਹਾਲੀ ‘ਚ ਨਹੀਂ, ਇੱਥੇ ਹੀ ਹੋਣਗੇ IPL ਦੇ ਮੈਚ
ਪੁਲਿਸ ਨੇ ਸੰਗਰੂਰ ਦੀ ਰਹਿਣ ਵਾਲੀ ਇਕ ਔਰਤ ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤੀਜਾ ਵਿਅਕਤੀ ਵਿੱਕੀ ਜਖੇਪਲ ਮਾਨਸਾ ਸਥਿਤ ਭੀਖੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਪੁਲਿਸ ਨੇ 18 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਈ ਸੀ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕੁਝ ਅਜਿਹੇ ਤਸਕਰ ਫੜੇ ਸਨ ਜੋ ਜੰਮੂ-ਕਸ਼ਮੀਰ ਤੋਂ ਅੰਮ੍ਰਿਤਸਰ ਹੈਰੋਇਨ ਲੈ ਕੇ ਜਾਂਦੇ ਸਨ।
ਵੀਡੀਓ ਲਈ ਕਲਿੱਕ ਕਰੋ -: