ਲੁਧਿਆਣਾ : ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਸੰਯੁਕਤ ਕੋਆਰਡੀਨੇਟਰ ਗੁਰਸਿਮਰਨਜੀਤ ਸਿੰਘ ਮੰਡ ਨੂੰ ਸੋਸ਼ਲ ਮੀਡੀਆ ਰਾਹੀਂ ਖਾਲਿਸਤਾਨੀਆਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਉਨ੍ਹਾਂ ਨੂੰ ਵਟਸਐਪ ‘ਤੇ ਵੁਆਇਸ ਅਤੇ ਵੀਡੀਓ ਸੰਦੇਸ਼ ਭੇਜ ਕੇ ਧਮਕੀ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਵੀਡੀਓ ਵਿਚ ਵਿਅਕਤੀ ਦਾ ਸਿਰ ਕਲਮ ਕੀਤਾ ਜਾ ਰਿਹਾ ਹੈ, ਇਸੇ ਤਰ੍ਹਾਂ ਉਨ੍ਹਾਂ ਦਾ ਵੀ ਕੀਤਾ ਜਾਵੇਗਾ। ਹੁਣ ਥਾਣਾ ਸਦਰ ਨੇ ਅਣਪਛਾਤੇ ਖਾਲਿਸਤਾਨੀ ਸੰਗਠਨ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਆਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 2 ਸਤੰਬਰ ਨੂੰ ਸਰਾਭਾ ਨਗਰ ਫੇਜ਼ -1 ਦੇ ਵਸਨੀਕ ਗੁਰਸਿਮਰਨਜੀਤ ਸਿੰਘ ਮੰਡ ਨੇ ਪੁਲਿਸ ਨੂੰ ਦੱਸਿਆ ਕਿ 1 ਸਤੰਬਰ ਨੂੰ ਸਵੇਰੇ 12.15 ਵਜੇ ਉਨ੍ਹਾਂ ਦੇ ਮੋਬਾਈਲ ’ਤੇ ਵੁਆਇਸ ਮੈਸੇਜ ਆਇਆ ਸੀ। ਜਿਸ ਵਿਚ ਬੋਲਣ ਵਾਲੇ ਨੇ ਕਿਹਾ ਕਿ ਉਨ੍ਹਾਂ ਦੀਆਂ ਬਾਹਾਂ ਅਤੇ ਲੱਤਾਂ ਵੱਢ ਦਿੱਤੀਆਂ ਜਾਣਗੀਆਂ। ਇਸ ਤੋਂ ਥੋੜ੍ਹੀ ਦੇਰ ਬਾਅਦ ਇੱਕ ਵੀਡੀਓ ਭੇਜੀ ਗਈ। ਜਿਸ ਵਿੱਚ ਲਿਖਿਆ ਸੀ ਕਿ ਇਹ ਵੀਡੀਓ ਦੇਖ ਲਓ, ਇਹੀ ਹਾਲ ਤੇਰਾ ਹੋਣ ਵਾਲਾ ਹੈ। ਲਗਭਗ 28 ਸੈਕੰਡ ਦੀ ਵੀਡੀਓ ਵਿੱਚ ਇੱਕ ਆਦਮੀ ਦਾ ਸਿਰ ਕਲਮ ਕਰਦੇ ਹੋਏ ਦਿਖਾਇਆ ਗਿਆ ਹੈ ਜਿਸਦੇ ਦੋਵੇਂ ਹੱਥ ਪਿੱਛੋਂ ਬੰਨ੍ਹੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਹ ਦੋਵੇਂ ਮੈਸੇਜ ਕੈਨੇਡਾ ਦੇ ਨੰਬਰ ਤੋਂ ਆਏ ਸਨ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੋਬਾਈਲ ਨੰਬਰਾਂ ਦੇ ਵੇਰਵੇ ਕੱਢੇ ਜਾ ਰਹੇ ਹਨ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਮੰਡ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੇ ਸਮੇਂ ਉਨ੍ਹਾਂ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਸਕੱਤਰ ਗੋਪਾਲ ਸਿੰਘ ਚਾਵਲਾ ਦਾ ਸਿਰ ਕਲਮ ਕਰਨ ਵਾਲੇ ਵਿਅਕਤੀ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਗੋਪਾਲ ਸਿੰਘ ਪਾਕਿਸਤਾਨੀ ਅੱਤਵਾਦੀਆਂ ਨਾਲ ਮਿਲਿਆ ਹੋਇਆ ਹੈ।
ਇਹ ਵੀ ਪੜ੍ਹੋ : ਨਵੀਂ ਰਣਨੀਤੀ ਘੜਨ ਦੀ ਤਿਆਰੀ ‘ਚ ਸਿੱਧੂ! ਪਰਗਟ ਸਿੰਘ ਦੇ ਘਰ ਪਹੁੰਚਿਆ ਕਾਂਗਰਸ ਪ੍ਰਧਾਨ ਸਣੇ ਕੈਪਟਨ ਵਿਰੋਧੀ ਧੜਾ
ਜੁਲਾਈ 2021 ਵਿੱਚ ਇੱਕ ਨਿਹੰਗ ਨੇ ਰਾਜੀਵ ਗਾਂਧੀ ਦੇ ਪੁਤਲੇ ਨੂੰ ਅੱਗ ਲਾ ਦਿੱਤੀ। ਜਿਸ ‘ਤੇ ਉਨ੍ਹਾਂ ਨੇ ਆਪਣੀ ਪੱਗ ਨਾਲ ਇਸ ਨੂੰ ਸਾਫ ਕੀਤਾ। ਉਦੋਂ ਤੋਂ ਅੱਤਵਾਦੀ ਸੰਗਠਨ ਲਗਾਤਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੂੰ 204 ਭਾਰਤੀ ਅਤੇ 782 ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲੀਆਂ ਹਨ। ਪਰ ਢਾਈ ਸਾਲਾਂ ਵਿੱਚ ਪੁਲਿਸ ਨੇ ਸੈਂਕੜੇ ਵਾਰ ਸ਼ਿਕਾਇਤ ਕਰਨ ਦੇ ਬਾਅਦ ਵੀ ਕਦੇ ਕਾਰਵਾਈ ਨਹੀਂ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਨਿਰਦੇਸ਼ਾਂ ‘ਤੇ ਉਸਦੀ ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਮਾਮਲਾ ਦਰਜ ਕੀਤਾ।