ਲੁਧਿਆਣਾ ‘ਚ ਇੱਕੋ ਪਰਿਵਾਰ ਦੇ 3 ਜੀਆਂ ਦੇ ਕਤਲ ਮਾਮਲੇ ਵਿੱਚ ਵਡੇ ਖੁਲਾਸੇ ਹੋਏ ਹਨ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਤਲਾਂ ਨੇ ਇਸ ਕਤਲਕਾਂਡ ਨੂੰ ਹਾਦਸਾ ਬਣਾਉਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੇ ਘਰੇਲੂ ਗੈਸ ਸਿਲੰਡਰ ਨੂੰ ਘਰ ਦੇ ਅੰਦਰ ਹੀ ਖੁੱਲ੍ਹਾ ਛੱਡ ਦਿੱਤਾ ਅਤੇ ਅਗਬਰਤੀ ਧੁਖਾ ਦਿੱਤੀ ਸੀ।
ਉਨ੍ਹਾਂ ਦੀ ਸਾਜ਼ਿਸ਼ ਸੀ ਕਿ ਗੈਸ ਲੀਕ ਹੋਣ ਤੋਂ ਬਾਅਦ ਅਗਰਬੱਤੀ ਨੂੰ ਅੱਗ ਲੱਗ ਜਾਵੇਗੀ ਅਤੇ ਧਮਾਕੇ ਤੋਂ ਬਾਅਦ ਘਰ ਨੂੰ ਅੱਗ ਲੱਗ ਜਾਵੇਗੀ। ਜਿਸ ਵਿੱਚ ਤਿੰਨਾਂ ਦੀਆਂ ਲਾਸ਼ਾਂ ਸੜ ਜਾਣਗੀਆਂ ਤਾਂ ਇਹ ਕਤਲ ਨਹੀਂ ਬਲਕਿ ਇੱਕ ਹਾਦਸਾ ਲੱਗੇਗਾ। ਹਾਲਾਂਕਿ ਗੈਸ ਲੀਕ ਹੋਣ ਤੋਂ ਬਾਅਦ ਵੀ ਅਗਰਬੱਤੀ ਤੱਕ ਨਹੀਂ ਪਹੁੰਚੀ ਅਤੇ ਕਤਲਕਾਂਡ ਸਾਹਮਣੇ ਆ ਗਿਆ।
ਮ੍ਰਿਤਕਾਂ ਦੀ ਪਛਾਣ ਚਮਨ ਲਾਲ, ਉਸ ਦੀ ਪਤਨੀ ਸੁਰਿੰਦਰ ਕੌਰ ਅਤੇ ਮਾਤਾ ਬਚਨ ਕੌਰ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 70 ਤੋਂ 90 ਸਾਲ ਦਰਮਿਆਨ ਹੈ। ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਕੱਲ੍ਹ ਪੂਰਾ ਦਿਨ ਪਰਿਵਾਰ ਦੇ ਤਿੰਨੇ ਮੈਂਬਰ ਘਰੋਂ ਬਾਹਰ ਨਹੀਂ ਆਏ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਹ ਕਤਲ 5 ਜੁਲਾਈ ਦੀ ਸ਼ਾਮ ਨੂੰ ਹੋਇਆ ਹੈ।
ਇਹ ਵੀ ਪੜ੍ਹੋ : MLA ਮਾਣੂੰਕੇ ਵੱਲੋਂ ਸਿਟੀ ਇਨਕਲੇਵ ‘ਚ ਨਵੇਂ ਦਫ਼ਤਰ ਦਾ ਉਦਘਾਟਨ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ
ਸ਼ੱਕ ਹੈ ਕਿ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮ੍ਰਿਤਕਾਂ ਦੀਆਂ ਲਾਸ਼ਾਂ ‘ਤੇ ਚਾਕੂ ਦੇ ਨਿਸ਼ਾਨ ਵੀ ਮਿਲੇ ਹਨ। ਉਨ੍ਹਾਂ ਦੱਸਿਆ ਕਿ ਘਰ ਦੇ ਅੰਦਰਲੀਆਂ ਸਾਰੀਆਂ ਕੁੰਡੀਆਂ ਬੰਦ ਸਨ, ਬਾਹਰ ਜਾਣ ਦਾ ਕੋਈ ਰਸਤਾ ਨਹੀਂ ਹੈ, ਇਸ ਲਈ ਇਹ ਸਮਝ ਨਹੀਂ ਆ ਰਿਹਾ ਕਿ ਕਾਤਲ ਅੰਦਰ ਕਿਵੇਂ ਗਿਆ? ਇਸ ਤੋਂ ਇਲਾਵਾ ਘਰ ਦੇ ਅੰਦਰ ਪਿਆ ਗੈਸ ਸਿਲੰਡਰ ਵੀ ਖੁੱਲ੍ਹਾ ਪਿਆ ਸੀ। ਸੂਤਰਾਂ ਮੁਤਾਬਕ 4 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ LPG ਗੈਸ ਦੀ ਬਦਬੂ ਵੀ ਆ ਰਹੀ ਸੀ। ਕਾਤਲਾਂ ਵੱਲੋਂ ਅਗਰਬੱਤੀ ਵੀ ਧੁਖਾਈ ਗਈ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਘਰ ਦੀ ਛੱਤ ‘ਤੇ ਵੀ ਚੈਕਿੰਗ ਕੀਤੀ। ਖੱਬੇ ਪਾਸੇ ਛੱਤ ‘ਤੇ ਇਕ ਛੋਟੀ ਜਿਹੀ ਕੰਧ ਹੈ, ਜਿੱਥੋਂ ਕੋਈ ਛਾਲ ਮਾਰ ਕੇ ਦੂਜੇ ਘਰਾਂ ਵਿਚ ਜਾਇਆ ਜਾ ਸਕਦਾ ਹੈ। ਇਥੇ ਤਿੰਨ ਘਰ ਆਪਸ ਵਿਚ ਜੁੜੇ ਹੋਏ ਹਨ। ਪੁਲਿਸ ਗੁਆਂਢੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: