ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਵੱਲੋਂ ਭੇਜੇ ਨੋਟਿਸ ‘ਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ, ਉਨ੍ਹਾਂ ਦੇ ਜ਼ਮੀਰ ਨੂੰ ਲਲਕਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲਣ ਦਾ ਸਮਾਂ ਚਲਾ ਗਿਆ ਹੈ।
ਜਾਖੜ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੰਟਰਵਿਊ ਨੂੰ ਸ਼ੇਅਰ ਕਰਦਿਆਂ ਕਾਂਗਰਸ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਵਤੀਰੇ ‘ਤੇ ਖੁੱਲ੍ਹ ਕੇ ਰਾਏ ਜ਼ਾਹਿਰ ਕੀਤੀ ਤੇ ਕਿਹਾ ਕਿ ਸਾਡੇ ਪਰਿਵਾਰ ਦਾ ਕਾਂਗਰਸ ਨਾਲ ਤਿੰਨ ਪੀੜ੍ਹੀਆਂ ਤੋਂ ਰਿਸ਼ਤਾ ਰਿਹਾ ਹੈ, ਜਿਸ ਵੇਲੇ ਮੈਂ ਰਾਜਨੀਤੀ ਦਾ ‘ਰ’ ਵੀ ਨਹੀਂ ਜਾਣਦਾ ਸੀ, ਉਸ ਵੇਲੇ ਮੈਂ ਆਪਣੇ ਪਿਤਾ ਦੀ ਚੋਣ ਲਈ ਕਾਂਗਰਸ ਦਾ ਝੰਡਾ ਚੁੱਕਿਆ। 50 ਸਾਲਾਂ ਦੇ ਸਿਆਸੀ ਸਫ਼ਰ ਵਿੱਚ ਮੈਂ ਕਦੇ ਵੀ ਪਾਰਟੀ ਦੀ ਸ਼ਾਨ ਨੂੰ ਢਾਹ ਨਹੀਂ ਲੱਗਣ ਦਿੱਤੀ। ਪਾਰਟੀ ਨੇ ਮੈਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਮੇਰੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ। ਮੇਰੇ ਜ਼ਮੀਰ ਨੂੰ ਲਲਕਾਰਿਆ ਗਿਆ।”
ਜਾਖੜ ਨੇ ਕਿਹਾ ਕਿ ਮੈਂ ਚਿੱਠੀ ਲਿਖ ਕੇ ਕਾਂਗਰਸ ਹਾਈਕਮਨ ਨੂੰ ਧਮਕਾਉਣ ਵਾਲਿਆਂ ਪ੍ਰਤੀ ਚੌਕੰਨਾ ਕੀਤਾ ਸੀ, ਇਹ ਅਨੁਸ਼ਾਸਨਹੀਨਤਾ ਨਹੀਂ ਹੈ। ਛੋਟੀ ਸੋਚ ਦੇ ਨੇਤਾ ਉੱਚੀ ਕੁਰਸੀ ‘ਤੇ ਬੈਠ ਕੇ ਕਾਂਗਰਸ ਦੀ ਸੈਕੂਲਰ ਵਿਚਾਰਧਾਰਾ ਨੂੰ ਤੋੜ ਰਹੇ ਨੇ, ਜਿਸ ਬਾਰੇ ਕਾਂਗਰਸਨ ਨੂੰ ਅਲਰਟ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨੇ ਕਿਹਾ ਕਿ ਮੈਨੂੰ ਕਾਂਗਰਸ ਵਿੱਚ ਚਾਪਲੂਸੀ ਤੇ ਜੀ ਹਜ਼ੂਰੀ ਕਰਨ ਵਾਲੇ ਨੇਤਾਵਾਂ ਤੋਂ ਇਤਰਾਜ਼ ਹੈ ਕਿਉਂਕਿ ਉਹ ਪਾਰਟੀ ਨੂੰ ਗੁੰਮਰਾਹ ਕਰਦੇ ਹਨ। ਜੋ ਅਜਿਹੇ ਲੋਕਾਂ ਦੀਆਂ ਗੱਲਾਂ ਨੂੰ ਤਰਜੀਹ ਦਿੰਦੇ ਹਨ, ਮੈਨੂੰ ਉਨ੍ਹਾਂ ਤੋਂ ਵੀ ਨਾਰਾਜ਼ਗੀ ਹੈ। 52 ਸਾਲਾਂ ਮਗਰੋਂ ਵੀ ਮੈਂ ਆਪਣੀ ਪਾਰਟੀ ਨੂੰ ਨਹੀਂ ਸਮਝ ਪਾਇਆ ਜਾਂ ਪਾਰਟੀ ਨਹੀਂ ਸਮਝ ਸਕੀ ਤਾਂ ਸਾਡੇ ਦੋਵਾਂ ਵਿੱਚ ਹੀ ਕੋਈ ਨੁਕਸਾਨ ਹੋਵੇਗਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਸਿਆਸੀ ਜ਼ਿੰਦਗੀ ਤੇ ਨਿੱਜੀ ਸਬੰਧਾਂ ਨੂੰ ਵੱਖ ਰਖਿਆ ਹੈ। ਪੀ.ਐੱਮ. ਮੋਦੀ ਸਣੇ ਮੇਰੇ ਦੂਜੇ ਸਿਆਸੀ ਵਿਰੋਧੀਆਂ ਨਾਲ ਚੰਗੇ ਨਿੱਜੀ ਸਬੰਧ ਹਨ। ਜਾਖੜ ਨੇ ਕਿਹਾ ਕਿ ਮੈਂ ਹਮੇਸ਼ਾ ਸਿਧਾਂਤਾਂ ਦੀ ਲੜਾਈ ਲੜੀ ਤੇ ਇਸ ਨੂੰ ਅੱਗੇ ਵੀ ਜਾਰੀ ਰਖਾਂਗਾ।