ਸ਼੍ਰੀ ਰਣਜੀਤ ਸਿੰਘ ਢਿੱਲੋਂ ਆਈ. ਪੀ ਐੱਸ/ਐੱਸ. ਐੱਸ. ਪੀ. ਤਰਨਤਾਰਨ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਪੀ. ਪੀ. ਐੱਸ./ਐੱਸ. ਪੀ. ਇਨਵੈਸਟੀਗੇਸ਼ਨ ਤਰਨਤਾਰਨ ਅਤੇ ਪ੍ਰੀਤਇੰਦਰ ਸਿੰਘ ਡੀ. ਐੱਸ. ਪੀ. ਭਿਖੀਵਿੰਡ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਮਲਟੋਹਾ ਐੱਸ. ਆਈ. ਜਗਦੀਪ ਸਣੇ ਪੁਲਿਸ ਪਾਰਟੀ ਵੱਲੋਂ ਵਲਟੋਹਾ ਨਜ਼ਦੀਕ ਹੋਏ ਟੈਕਸੀ ਡਰਾਈਵਰ ਦੇ ਕਤਲ ਨੂੰ ਟਰੇਸ ਕੀਤਾ ਗਿਆ ਹੈ।
ਮਿਤੀ 5.7.2022 ਨੂੰ ਅਸ਼ੋਕ ਮਸੀਹ ਪੁੱਤਰ ਨਾਜਰ ਮਸੀਹ ਵਾਸੀ ਵਾਰਡ ਨੰਬਰ 6 ਖੇਮਕਰਨ ਨੇ ਥਾਣਾ ਵਲਟੋਹਾ ਆ ਕੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸ ਦਾ ਭਰਾ ਸ਼ੇਰਾ ਮਸੀਹ ਪੁੱਤਰ ਨਾਜਰ ਮਸੀਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ।ਇਹ ਕਿ ਉਸ ਦਾ ਭਰਾ ਆਪਣੀ ਜ਼ੈਨ ਕਾਰ ਲੈ ਕੇ ਟੈਕਸੀ ਸਟੈਂਡ ਗਿਆ ਸੀ ਤੇ ਉਸ ਨੂੰ ਸ਼ੇਰੇ ਨਾਲ ਕੋਈ ਕੰਮ ਸੀ ਅਤੇ ਉਹ ਆਪਣੇ ਭਰਾ ਨੂੰ ਮਿਲਣ ਲਈ ਟੈਕਸੀ ਸਟੈਂਡ ਚਲਾ ਗਿਆ ਜਿਥੇ ਉਸ ਨੂੰ ਟੈਕਸੀ ਡਰਾਈਵਰ ਰਸ਼ਪਾਲ ਸਿੰਘ ਪੁੱਤਰ ਗੁਰਬਚਨ ਸਿੰਘ ਮਿਲਿਆ ਜਿਸ ਨੇ ਦੱਸਿਆ ਕਿ ਸ਼ੇਰਾ ਹੁਣ ਦੋ ਸਵਾਰੀਆਂ ਨੂੰ ਬਿਠਾ ਕੇ ਅੰਮ੍ਰਿਤਸਰ ਸਾਈਡ ਨੂੰ ਗਿਆ ਹੈ ਅਤੇ ਉਸ ਦਾ ਭਰਾ ਉਸ ਦਾ ਫੋਨ ਵੀ ਨਹੀਂ ਸੀ ਚੁੱਕ ਰਿਹਾ ਜਿਸ ‘ਤੇ ਉਸ ਨੇ ਆਪਣੇ ਭਰਾ ਦੀ ਭਾਲ ਵਿਚ ਮੋਟਰਸਾਈਕਲ ਤੇ ਅੰਮ੍ਰਿਤਸਰ ਵਾਲੀ ਸਾਈਡ ਚੱਲ ਪਿਆ।
ਜਦੋਂ ਉਹ ਟਾਹਲੀ ਅੱਡਾ ਟੱਪ ਕੇ ਗੋਰੇ ਦੇ ਭੱਠੇ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਦੋ ਵਿਅਕਤੀ ਉੁਸ ਦੇ ਭਰਾ ਦੀ ਗੱਡੀ ਵਿਚ ਉਤਰ ਕੇ ਉਸ ਉਪਰ ਗੋਲੀਆਂ ਚਲਾ ਕੇ ਭੱਜ ਗਏ। ਜਦ ਉਹ ਆਪਣੇ ਭਰਾ ਦੇ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਉਸ ਦੇ ਭਰਾ ਦੇ ਸਿਰ ਵਿਚ ਗੋਲੀ ਲੱਗੀ ਹੋਈ ਸੀ ਤੇ ਉਸ ਦੇ ਬਹੁਤ ਖੂਨ ਵਗ ਰਿਹਾ ਸੀ। ਫਿਰ ਉਸ ਦੇ ਭਰਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੇ ਭਰਾ ਸ਼ੇਰੇ ਨੂੰ ਹਸਪਤਾਲ ਵਿਖੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਿਸ ‘ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 57 ਮਿਤੀ 5.7.2022 ਜੁਰਮ 302, 34 ਭ.ਦ.ਸ 25/27/54/59 ਅਸਲਾ ਐਕਟ ਥਾਣਾ ਵਲਟੋਹਾ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਤਫਤੀਸ਼ ਦੌਰਾਨ ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਟੈਕਨੀਕਲ ਸਰਵੀਲੈਂਸ ਤੇ ਖੁਫੀਆ ਸੋਰਸ ਰਾਹੀਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਮੁੱਖ ਅਫਸਰ ਥਾਣਾ ਵਲਟੋਹਾ ਸਣੇ ਪੁਲਿਸ ਪਾਰਟੀ ਮੁਕੱਦਮਾ ਉਕਤ ਦੇ ਦੋਸ਼ੀਆਂ ਦੀ ਭਾਲ ਵਿਚ ਟੈਕਨੀਕਲ ਤੱਥਾਂ ਤੇ ਸ਼ੱਕ ਦੀ ਬਿਨਾਹ ‘ਤੇ ਸਾਜਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖੇਮਕਰਨ ਨੂੰ ਕਾਬੂ ਕਰਕੇ ਪੁੱਛਗਿਛ ਕੀਤੀ ਗਈ ਜੋ ਬਾਰੀਕੀ ਨਾਲ ਪੁੱਛਗਿਛ ਕਰਨ ‘ਤੇ ਸਾਜਨ ਸਿੰਘ ਨੇ ਖੁਲਾਸਾ ਕੀਤਾ ਸੀ ਉਸ ਨੇ ਆਪਣੇ ਦੋਸਤ ਅਰੁਣ ਵਾਸੀ ਰੁਦਰਪੁਰ ਜ਼ਿਲ੍ਹਾ ਊਧਮ ਸਿੰਘ ਨਗਰ ਉਤਰਾਖੰਡ ਨਾਲ ਮਿਲ ਕੇ ਸ਼ੇਰਾ ਮਸੀਹ ਦੇ ਕਤਲ ਦੀ ਯੋਜਨਾ ਬਣਾਈ ਸੀ ਜਿਸ ਨੇ ਰੋਹਿਤ ਤੇ ਇਕ ਹੋਰ ਵਿਅਕਤੀ ਨੂੰ ਪੰਜਾਬ ਭੇਜਿਆ ਸੀ।
ਰੋਹਿਤ ਆਪਣੇ ਸਾਥੀ ਨਾਲ ਸਾਜਨ ਸਿੰਘ ਨੂੰ 4.7.2022 ਨੂੰ ਰੇਲਵੇ ਸਟੇਸ਼ਨ ‘ਤੇ ਮਿਲਿਆ ਤੇ ਸੋਨੂੰ ਗੈਸਟ ਹਾਊਸ ਨੇੜੇ ਗੁਰਦੁਆਰਾ ਬਾਬਾ ਅਟਲ ਸਾਹਿਬ ਅੰਮ੍ਰਿਤਸਰ ਵਿਖੇ ਰਾਤ ਠਹਿਰਾਇਆ ਤੇ ਫਿਰ 5.7.2022 ਨੂੰ ਸਾਜਨ ਸਿੰਘ, ਰੋਹਿਤ ਤੇ ਉਸ ਦੇ ਸਾਥੀ ਨਾਲ ਸਵੇਰੇ 9 ਵਜੇ ਮੋਟਰਸਾਈਕਲ ‘ਤੇ ਖੇਮਕਰਨ ਪਹੁੰਚੇ। ਸਾਜਨ ਸਿੰਘ ਨੇ ਉਨ੍ਹਾਂ ਨੂੰ ਟੈਕਸੀ ਸਟੈਂਡ ‘ਤੇ ਛੱਡ ਦਿੱਤਾ ਜਿਥੇ ਰੋਹਿਤ ਤੇ ਉਸ ਦੇ ਸਾਥੀ ਨੇ ਅੰਮ੍ਰਿਤਸਰ ਲਈ ਮ੍ਰਿਤਕ ਸ਼ੇਰਾ ਮਸੀਹ ਦੀ ਟੈਕਸੀ ਕਾਰ ਕਿਰਾਏ ‘ਤੇ ਲਈ। ਅੰਮ੍ਰਿਤਸਰ ਜਾਂਦੇ ਸਮੇਂ ਇੱਟਾਂ ਦੇ ਭੱਠੇ ਨੇੜੇ ਸ਼ੇਰਾ ਮਸੀਹ ਨੂੰ ਗੋਲੀ ਮਾਰ ਦਿੱਤੀ ਜਿਸ ‘ਤੇ ਤਰਨਤਾਰਨ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮੁਕੱਦਮਾ ਵਿਚ 2 ਦੋਸ਼ੀਆਂ ਨੂੰ ਨਾਮਜ਼ਦ ਕਰਕੇ ਤੇ 1 ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਪੈਸ਼ਲ ਟੀਮਾਂ ਲਗਾਈਆਂ ਗਈਆਂ ਹਨ। ਸਾਜਨ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।