ਜਗਰਾਓਂ ਦੇ ਪਿੰਡ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ ਵਿਚ ਇਕ ਫਿਲਮੀ ਸੀਨ ਬਣ ਗਿਆ ਜਦੋਂ ਮਾਪਿਆਂ ਦੇ ਇਨਕਾਰ ਕਰਨ ‘ਤੇ ਇੱਕ ਕੁੜੀ ਆਪਣ ਪ੍ਰੇਮੀ ਨਾਲ ਵਿਆਹ ਕਰਨ ਪਹੁੰਚ ਗਈ। ਮੁੰਡੇ ਦੇ ਮਾਪ ਇਸ ਦੇ ਲਈ ਰਾਜ਼ੀ ਸਨ।
ਜਦੋਂ ਕੁੜੀ ਦੇ ਘਰਦਿਆਂ ਨੂੰ ਇਸ ਦੀ ਭਿਣਕ ਲੱਗੀ ਤਾਂ ਉਹ ਦੋ ਗੱਡੀਆਂ ਵਿੱਚ ਬੈਠ ਕੇ ਐਨ ਮੌਕੇ ‘ਤੇ ਪਹੁੰਚ ਗਏ ਅਤੇ ਮੁੰਡਾ-ਕੁੜੀ ਦੋਵਾਂ ਨੂੰ ਅਗਵਾ ਕਰਕੇ ਲੈ ਗਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਹੁਣ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ।
ਡੀਐਸਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਅਤੇ 20 ਸਾਲਾ ਲੜਕੀ ਇਕੱਠੇ ਪੜ੍ਹਦੇ ਸਨ। ਦੋਵੇਂ ਇਕ-ਦੂਜੇ ਨਾਲ ਪਿਆਰ ਕਰਦੇ ਸਨ ਅਤੇ ਵਿਆਹ ਕਰਨਾ ਚਾਹੁੰਦੇ ਸਨ। ਇਸ ਦੇ ਲਈ ਲੜਕੇ ਦਾ ਪਰਿਵਾਰ ਸਹਿਮਤ ਸੀ ਪਰ ਲੜਕੀ ਦਾ ਪਰਿਵਾਰ ਸਹਿਮਤ ਨਹੀਂ ਸੀ। ਇਸ ਤੋਂ ਬਾਅਦ ਲੜਕੀ ਨੇ ਘਰੋਂ ਭੱਜ ਕੇ ਵਿਆਹ ਕਰਨ ਦਾ ਫ਼ੈਸਲਾ ਕੀਤਾ।
ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਜਗਰਾਓਂ ਦੇ ਨਜ਼ਦੀਕ ਪਿੰਡ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ ਪਹੁੰਚੀ। ਲੜਕੇ ਦਾ ਪਰਿਵਾਰ ਪਹਿਲਾਂ ਹੀ ਉਥੇ ਮੌਜੂਦ ਸੀ। ਅਜੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਜਦੋਂ ਲੜਕੀ ਦੇ ਪਰਿਵਾਰਕ ਮੈਂਬਰ 2 ਗੱਡੀਆਂ ਸਣੇ ਮੌਕੇ ‘ਤੇ ਪਹੁੰਚੇ। ਉਨ੍ਹਾਂ ਨਾਲ ਬੇਸਬਾਲ ਬੈਟ ਸਨ। ਉਨ੍ਹਾਂ ਜ਼ਬਰਦਸਤੀ ਲੜਕੀ ਅਤੇ ਲੜਕੇ ਨੂੰ ਘਸੀਟਦੇ ਹੋਏ ਕਾਰ ਵਿੱਚ ਬਿਠਾਇਆ ਅਤੇ ਚਲੇ ਗਏ।
ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੇ ਸਰਪੰਚ ਨਵਦੀਪ ਸਿੰਘ ਗਰੇਵਾਲ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਸਨੇ ਪੁਲਿਸ ਨੂੰ ਬੁਲਾਇਆ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਡੀਐਸਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਿਤਾ ਪੂਰਨ ਸਿੰਘ ਵਾਸੀ ਪਿੰਡ ਬੁੱਟਰ ਕਲਾਂ (ਮੋਗਾ) ਮੁਤਾਬਕ ਜ਼ਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਲੜਕੀ ਰਸ਼ਪਿੰਦਰ ਕੌਰ ਪੁੱਤਰੀ ਜਲੌਰ ਸਿੰਘ ਨਿਵਾਸੀ ਘੱਲਕਲਾਂ ਵੀ ਮੋਗਾ ਦੀ ਹੈ। ਉਹ ਪਿੰਡ ਬੁੱਟਰ ਵਿੱਚ ਆਪਣੀ ਭੂਆ ਕੋਲ ਰਹਿੰਦੀ ਸੀ। ਅੱਠ ਦਿਨ ਪਹਿਲਾਂ ਉਸ ਦੇ ਮੁੰਡੇ ਤੇ ਉਸ ਨੇ ਬਿਨਾਂ ਦੱਸੇ ਕੋਰਟ ਮੈਰਿਜ ਕਰ ਲਈ ਸੀ।
ਇਹ ਵੀ ਪੜ੍ਹੋ : ਲਵਪ੍ਰੀਤ ਖੁਦਕੁਸ਼ੀ ਮਾਮਲੇ ਨਾਲ ਜੁੜੀ ਵੱਡੀ ਖਬਰ- ਕੈਨੇਡੀਅਨ ਪਤਨੀ ਬੇਅੰਤ ਕੌਰ ‘ਤੇ ਮਾਮਲਾ ਦਰਜ
ਜਗਰਾਓਂ ਦੇ ਨੇੜੇ ਪਿੰਡ ਲੀਲਾ ਮੇਘ ਸਿੰਘ ਵਿੱਚ ਰਹਿਣ ਵਾਲੇ ਮੁੰਡੇ ਦੇ ਭਰਾ ਨੇ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਵਾਕਫੀ ਕਰਕੇ ਦੋਵਾਂ ਨੂੰ ਵਿਆਹ ਲਈ ਬੁਲਾਇਆ ਸੀ। ਆਨੰਦ ਕਾਰਜ ਦੀ ਤਿਆਰੀ ਦੌਰਾਨ ਕੁੜੀ ਦੇ ਘਰ ਦ ਮੂੰਹ ਬੰਨ੍ਹ ਕੇ ਕਾਫੀ ਗਿਣਤੀ ਵਿੱਚ ਪਹੁੰਚੇ ਅਤੇ ਤੇਜ਼ਧਾਰ ਹਥਿਆਰਬੰਦ ਲੋਕ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਗਏ। ਵਿਰੋਧ ਦੇ ਬਾਵਜੂਦ ਉਨ੍ਹਾਂ ਨੇ ਕੁੜੀ ਨੂੰ ਵਾਲਾਂ ਤੋਂ ਘਸੀਟਿਆ ਅਤੇ ਮੁੰਡੇ ਨੂੰ ਕੁੱਟਦੇ ਹੋਏ ਲੈ ਗਏ। ਪੂਰਨ ਸਿੰਘ ਦੇ ਬਿਆਨਾਂ ’ਤੇ ਲੜਕੀ ਦੇ ਪਰਿਵਾਰ ਦੇ ਜਸਵਿੰਦਰ ਸਿੰਘ, ਉਸ ਦੇ ਦੋਸਤ ਹਨੀ, ਬੰਤ ਸਿੰਘ, ਜਲੌਰ ਸਿੰਘ ਅਤੇ 5-7 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਜਗਰਾਓਂ ਵਿੱਚ ਅਗਵਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।