ਮੋਗਾ ਦੇ ਪਿੰਡ ਬਦਨੀ ਖੁਰਦ ਵਿੱਚ ਸ਼ੁੱਕਰਵਾਰ ਨੂੰ ਇੱਕ ਐਨਆਰਆਈ ਦੀ ਲਾਸ਼ ਉਸਦੇ ਘਰੋਂ ਬਰਾਮਦ ਹੋਈ। ਮੰਨਿਆ ਜਾ ਰਿਹਾ ਹੈ ਕਿ ਕਰੀਬ 20 ਦਿਨ ਪਹਿਲਾਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੂੰ ਕੁਝ ਘੰਟਿਆਂ ਬਾਅਦ ਨਾਲੇ ਵਿੱਚੋਂ ਇੱਕ ਹੋਰ ਲਾਸ਼ ਮਿਲੀ। ਇਹ ਲਾਸ਼ ਮਨੀਕਰਨ ਨਾਂ ਦੇ ਨੌਜਵਾਨ ਦੀ ਸੀ ਅਤੇ ਉਸ ਦਾ ਨਾਂ ਵੀ ਐਨਆਰਆਈ ਦਾ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਵਿੱਚ ਸ਼ਾਮਲ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
SSP ਮੋਗਾ ਵਿਵੇਕਸ਼ੀਲ ਸੋਨੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡਬਲ ਮਰਡਰ ਦੇ ਦੋਸ਼ੀਆਂ ਦੀ ਪਛਾਣ ਰਾਜੇਸ਼ ਸਿੰਘ ਪੁੱਤਰ ਸਤਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਬੱਧਨੀ ਖੁਰਦ ਦੇ ਤੌਰ ਤੇ ਹੋਈ ਹੈ। SSP ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਬੱਧਨੀ ਖੁਰਦ ਨੇ ਥਾਣਾ ਮਹਿਣਾ ਪੁਲਿਸ ਨੂੰ ਸੂਚਨਾ ਦਿੱਤੀ ਸੀ 22 ਫਰਵਰੀ ਨੂੰ ਰਾਜੇਸ਼ ਸਿੰਘ ਅਤੇ ਕੁਲਵਿੰਦਰ ਸਿੰਘ ਉਸ ਦੇ ਭਰਾ ਮਨੀਕਰਨ ਸਿੰਘ ਨੂੰ ਫਿਲਮ ਦਿਖਾਉਣ ਦੇ ਬਹਾਨੇ ਘਰੋਂ ਲੈ ਗਏ ਅਤੇ ਰਾਤ ਨੂੰ ਘਰ ਵਾਪਿਸ ਨਹੀਂ ਆਏ।
ਅਕਾਸ਼ਦੀਪ ਨੇ ਪੁਲਿਸ ਨੂੰ ਦੱਸਿਆ ਕਿ ਅਗਲੇ ਦਿਨ ਉਹ ਤੇ ਉਸ ਦਾ ਭਰਾ ਗਗਨਦੀਪ ਸਿੰਘ ਮੋਗਾ ਸ਼ਹਿਰ ਵਿਖੇ ਤਲਾਸ਼ ਕਰਨ ਲੱਗੇ ਤਾਂ ਉਨ੍ਹਾਂ ਨੂੰ ਰਾਹ ਵਿੱਚ ਰਾਜੇਸ਼ ਸਿੰਘ ਤੇ ਕੁਲਵਿੰਦਰ ਸਿੰਘ ਮਿਲੇ, ਮਨੀਕਰਨ ਬਾਰੇ ਪੁੱਛੇ ਜਾਣ ਤੇ ਦੋਵਾਂ ਨੇ ਕੋਈ ਸਾਫ-ਸਾਫ ਜਵਾਬ ਨਹੀ ਦਿੱਤਾ। ਅਕਾਸ਼ਦੀਪ ਨੂੰ ਦੋਹਾਂ ‘ਤੇ ਸ਼ੱਕ ਹੋਇਆ। ਅਕਾਸ਼ਦੀਪ ਸਿੰਘ ਦੇ ਬਿਆਨ ਤੇ ਥਾਣਾ ਮਹਿਣਾ ਪੁਲਿਸ ਨੇ ਰਾਜੇਸ਼ ਸਿੰਘ ਅਤੇ ਕੁਲਵਿੰਦਰ ਸਿੰਘ ਖਿਲਾਫ ਧਾਰਾ 364 ਤਹਿਤ ਮੁਕੱਦਮਾ ਦਰਜ ਕੀਤਾ ਸੀ।
ਤਫਤੀਸ਼ ਦੌਰਾਨ ਪਤਾ ਲੱਗਾ ਕਿ NRI ਮਨਦੀਪ ਸਿੰਘ ਨੂੰ ਮਨੀਕਰਨ ਸਿੰਘ,ਰਾਜੇਸ਼ ਸਿੰਘ ਤੇ ਕੁਲਵਿੰਦਰ ਸਿੰਘ ਨੇ ਕਾਫੀ ਦਿਨ ਪਹਿਲਾਂ ਸਾਜਿਸ਼ ਤਹਿਤ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਮਨਦੀਪ ਸਿੰਘ ਦੀ ਲਾਸ਼ ਉਸ ਦੇ ਘਰ ਵਿੱਚ ਹੀ ਰੱਖ ਕੇ ਫਰਾਰ ਹੋ ਗਏ ਸਨ। ਥਾਣਾ ਬੱਧਨੀ ਕਲਾਂ ਪੁਲਿਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਧਾਰਾ 302\120ਬੀ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਐਸਐਸਪੀ ਨੇ ਦੱਸਿਆ ਕਿ ਨੇ 23 ਫਰਵਰੀ ਨੂੰ ਰਾਜੇਸ਼ ਤੇ ਕੁਲਵਿੰਦਰ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਨੇ ਮੁੱਢਲੀ ਪੁੱਛਗਿਛ ਦੌਰਾਨ ਪੁਲਿਸ ਕੋਲ ਮੰਨਿਆ ਕਿ ਉਹ ਮਿਤੀ 1 ਤੇ 2 ਫਰਵਰੀ ਦੀ ਦਰਮਿਆਨੀ ਰਾਤ ਨੂੰ ਉਹ ਮਨੀਕਰਨ ਸਿੰਘ ਨਾਲ ਪੈਸੇ ਅਤੇ ਗਹਿਣੇ ਲੁੱਟਣ ਦੀ ਨੀਅਤ ਨਾਲ ਦਾਖਲ ਹੋਏ ਤਾਂ ਮਨਦੀਪ ਉਰਫ ਤੀਰਥ ਸਿੰਘ ਜਾਗ ਗਿਆ। ਤੀਰਥ ਸਿੰਘ ਨੇ ਰੌਲਾ ਪਾਇਆ ਤਾਂ ਰਾਜੇਸ਼ ਸਿੰਘ ਨੇ ਚਾਕੂ ਦਾ ਵਾਰ ਕੀਤਾ ਤੇ ਨਾਲ ਹੀ ਗਲਾ ਘੁੱਟ ਕੇ ਤੀਰਥ ਸਿੰਘ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ‘ਚ 5994 ETT ਟੀਚਰਾਂ ਦੀ ਭਰਤੀ ‘ਤੇ ਹਾਈਕੋਰਟ ਨੇ ਲਾਈ ਰੋਕ, ਇਸ਼ਤਿਹਾਰ ਮਗਰੋਂ ਬਦਲੇ ਨਿਯਮ
ਦੋਸ਼ੀਆਂ ਦੀ ਮ੍ਰਿਤਕ ਨਾਲ ਰੰਜਿਸ਼ ਸੀ। 20 ਦਿਨ ਤੱਕ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ। ਮਨੀਕਰਨ ਨੂੰ ਇਸ ਕਤਲ ਬਾਰੇ ਸਭ ਕੁਝ ਪਤਾ ਸੀ, ਜਿਸ ਕਰਕੇ ਉਨ੍ਹਾਂ ਉਸ ਨੂੰ ਵੀ ਮਾਰ ਦਿੱਤਾ। ਪੁਲਿਸ ਨੇ ਮਾਮਲੇ ਵਿੱਚ ਧਾਰਾ 302 ਜੋੜ ਦਿੱਤੀ ਹੈ।