ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਨਾਲ ਲੱਗਦੇ ਮਾਧੋਪੁਰ ਵਿੱਚ ਐਤਵਾਰ ਰਾਤ ਨੂੰ ਇੱਕ XUV ਕਾਰ UBDC ਨਹਿਰ ਵਿੱਚ ਡਿੱਗ ਗਈ। ਕਾਰ ‘ਚ 5 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 3 ਦੀ ਮੌਤ ਹੋ ਗਈ ਹੈ। 2 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਪਠਾਨਕੋਟ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਨਹਿਰ ‘ਚ ਡਿੱਗਣ ਤੋਂ ਬਾਅਦ 3 ਲੋਕ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਏ, ਜਿਨ੍ਹਾਂ ‘ਚੋਂ ਇਕ ਦੀ ਲਾਸ਼ ਰਾਤ ਨੂੰ ਹੀ ਮਿਲ ਗਈ। ਬਾਕੀ 2 ਲਾਸ਼ਾਂ ਸੋਮਵਾਰ ਸਵੇਰੇ ਮਿਲੀਆਂ। NDRF ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਲਾਸ਼ਾਂ ਨਹਿਰ ‘ਚੋਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਪੰਜੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਪਠਾਨਕੋਟ ਦੇ ਮੁਲਾਜ਼ਮ ਹਨ, ਜੋ ਐਤਵਾਰ ਨੂੰ ਛੁੱਟੀ ਮਨਾਉਣ ਗਏ ਹੋਏ ਸਨ।
ਇਹ ਵੀ ਪੜ੍ਹੋ : ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ, ATM ਟ੍ਰਾਂਜੈਕਸ਼ਨ ਸਣੇ ਅੱਜ ਤੋਂ 6 ਵੱਡੇ ਬਦਲਾਅ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ DSP ਧਾਰਕਲਾ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਸੁਰੱਖਿਅਤ ਬਾਹਰ ਕੱਢੇ ਗਏ 2 ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ‘ਤੇ ਜਿਹੜਾ ਵਿਅਕਤੀ ਕਾਰ ਚਲਾ ਰਿਹਾ ਸੀ ਉਹ ਅਨਟ੍ਰੇਂਡ ਸੀ। ਜਦੋਂ ਉਹ ਨਹਿਰ ਦੇ ਨਾਲ ਮਿਰਜ਼ਾਪੁਰ ਤੋਂ ਵਾਪਸ ਆ ਰਹੇ ਸੀ ਤਾਂ ਕਾਰ ਚਲਾ ਰਹੇ ਵਿਅਕਤੀ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ, ਜਿਸ ਕਾਰਨ ਗੱਡੀ ਨਹਿਰ ਵਿੱਚ ਜਾ ਡਿੱਗੀ।
ਮ੍ਰਿਤਕਾਂ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਪੁਰਸ਼ੋਤਮ ਦਾਸ ਵਾਸੀ ਮਿਰਜ਼ਾਪੁਰ (ਮਾਧੋਪੁਰ), ਵਿਸ਼ਾਲ ਅਤੇ ਅਜੈ ਬਾਬੂਲ ਵਜੋਂ ਹੋਈ ਹੈ। ਇਸ ਦੇ ਨਾਲ ਹੀ ਜਿਹੜੇ ਦੋ ਵਿਅਕਤੀ ਸੁਰੱਖਿਆ ਮਿਲੇ ਹਨ ਉਨ੍ਹਾਂ ਦੇ ਨਾਮ ਪ੍ਰਿੰਸ ਰਾਜ ਪੁੱਤਰ ਹਰੀਕ੍ਰਿਸ਼ਨ ਵਾਸੀ ਬਿਹਾਰ ਅਤੇ ਸੁਰਿੰਦਰ ਸ਼ਰਮਾ ਪੁੱਤਰ ਸੀਤਾ ਰਾਮ ਵਾਸੀ ਰਾਜਸਥਾਨ ਹਨ।
ਵੀਡੀਓ ਲਈ ਕਲਿੱਕ ਕਰੋ -: