ਗੂਗਲ ਮੈਪ ‘ਚ ਗਲਤ ਦਿਸ਼ਾ ਦਿਖਾਉਣ ਕਾਰਨ ਇੱਕ ਬੰਦੇ ਦੀ ਪੁਲ ਤੋਂ ਡਿੱਗ ਕੇ ਮੌਤ ਹੋ ਗਈ। ਹੁਣ ਉਸ ਬੰਦੇ ਦੀ ਪਤਨੀ ਨੇ ਗੂਗਲ ਨੂੰ ਅਦਾਲਤ ‘ਚ ਘਸੀਟਿਆ ਹੈ। ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਰਹਿਣ ਵਾਲੀ ਇੱਕ ਔਰਤ ਦਾ ਦੋਸ਼ ਹੈ ਕਿ ਟੁੱਟੇ ਪੁਲ ਬਾਰੇ ਗੂਗਲ ਨੂੰ ਵਾਰ-ਵਾਰ ਜਾਣਕਾਰੀ ਦੇਣ ਦੇ ਬਾਵਜੂਦ ਕੰਪਨੀ ਨੇ ਉਸ ਪੁਲ ਨੂੰ ਗੂਗਲ ਮੈਪ ‘ਤੇ ਆਵਾਜਾਈ ਲਈ ਠੀਕ ਦੱਸਿਆ। ਗੂਗਲ ਮੈਪ ਵੱਲੋਂ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਉਸ ਦੇ ਪਤੀ ਨੇ ਪੁਲ ‘ਤੇ ਕਾਰ ਭਜਾ ਦਿੱਤੀ ਅਤੇ ਪੁਲ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਪਾਣੀ ‘ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਉੱਤਰੀ ਕੈਰੋਲੀਨਾ ਵਿੱਚ ਰਹਿਣ ਵਾਲਾ ਫਿਲਿਪ ਪੈਕਸਨ ਪਿਛਲੇ ਸਾਲ ਸਤੰਬਰ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਸੀ। ਅਮਰੀਕੀ ਜਲ ਸੈਨਾ ਤੋਂ ਰਿਟਾਇਰ ਹੋਇਆ ਪੈਕਸਨ ਮੈਡੀਕਲ ਉਪਕਰਣ ਵੇਚਦਾ ਸੀ। ਉਸ ਦੀ ਮੌਤ ਤੋਂ ਬਾਅਦ ਵੀ ਗੂਗਲ ਮੈਪਸ ਨੇ ਉਸ ਟੁੱਟੇ ਹੋਏ ਪੁਲ ਬਾਰੇ ਜਾਣਕਾਰੀ ਨੂੰ ਠੀਕ ਨਹੀਂ ਕੀਤਾ ਹੈ। ਇਸ ਤੋਂ ਨਿਰਾਸ਼ ਹੋ ਕੇ ਉਸ ਦੀ ਪਤਨੀ ਐਲਿਸੀਆ ਨੇ ਹੁਣ ਗੂਗਲ ‘ਤੇ ਮੁਕੱਦਮਾ ਕਰ ਦਿੱਤਾ ਹੈ।
ਐਲਿਸੀਆ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ‘ਚ ਉਸ ਦੀ ਧੀ ਅਤੇ ਉਸ ਦੇ ਪਤੀ ਦੇ ਦੋਸਤ ਦੀ ਬੇਟੀ ਦਾ ਜਨਮਦਿਨ ਸੀ। ਦੋਹਾਂ ਦੋਸਤਾਂ ਨੇ ਆਪਣੀਆਂ ਬੇਟੀਆਂ ਦਾ ਜਨਮ ਦਿਨ ਇਕੱਠੇ ਮਨਾਇਆ ਸੀ। ਜਨਮਦਿਨ ਦੀ ਪਾਰਟੀ ਖਤਮ ਹੋਣ ਤੋਂ ਬਾਅਦ ਐਲੀਸੀਆ ਬੱਚਿਆਂ ਨਾਲ ਘਰ ਆਈ। ਪੈਕਸਨ ਕਿਸੇ ਕੰਮ ਵਿੱਚ ਪਿੱਛੇ ਰਹਿ ਗਿਆ। ਜਦੋਂ ਉਹ ਰਾਤ ਨੂੰ ਕਾਰ ਰਾਹੀਂ ਘਰ ਪਰਤ ਰਿਹਾ ਸੀ ਤਾਂ ਮੀਂਹ ਸ਼ੁਰੂ ਹੋ ਗਿਆ। ਰਸਤਾ ਸਾਫ਼ ਦਿਖਾਈ ਨਾ ਦੇਣ ਕਾਰਨ ਉਸ ਨੇ ਗੂਗਲ ਮੈਪ ਦੀ ਮਦਦ ਲਈ।
ਗੂਗਲ ਮੈਪ ਵੱਲੋਂ ਦਿਖਾਏ ਗਏ ਰਸਤੇ ਵਿੱਚ ਇੱਕ ਟੁੱਟਿਆ ਪੁਲ ਵੀ ਸ਼ਾਮਲ ਸੀ। ਗੂਗਲ ਮੈਪਸ ਨੇ ਇਸ ਪੁਲ ਨੂੰ ਚਾਲੂ ਦੱਸਿਆ। ਗੂਗਲ ਮੈਪਸ ਵੱਲੋਂ ਦਿੱਤੀ ਗਈ ਜਾਣਕਾਰੀ ‘ਤੇ ਭਰੋਸਾ ਕਰਦੇ ਹੋਏ ਪੈਕਸਨ ਕਾਰ ਨੂੰ ਪੁਲ ‘ਤੇ ਲੈ ਗਿਆ। ਪੁਲ ਟੁੱਟਣ ਕਾਰਨ ਪੈਕਸਨ ਆਪਣੀ ਕਾਰ ਸਮੇਤ ਕਰੀਬ 20 ਫੁੱਟ ਹੇਠਾਂ ਪਾਣੀ ਵਿੱਚ ਡਿੱਗ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਮੋਦੀ ਸਰਕਾਰ ਕੋਲ ਚੁੱਕੋ RDF ਦਾ ਮੁੱਦਾ’- CM ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਕਿਹਾ
ਐਲਿਸੀਆ ਦਾ ਦੋਸ਼ ਹੈ ਕਿ ਇਹ ਪੁਲ ਸਾਲ 2020 ਤੋਂ ਟੁੱਟਿਆ ਹੋਇਆ ਹੈ। ਗੂਗਲ ਮੈਪ ਦੇ ਕਈ ਯੂਜ਼ਰਸ ਨੇ ਵੀ ਗੂਗਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਫਿਰ ਵੀ ਗੂਗਲ ਮੈਪਸ ਇਸ ਪੁਲ ਵੱਲ ਡਰਾਈਵਰਾਂ ਨੂੰ ਭੇਜ ਰਿਹਾ ਹੈ। ਇਸ ਪੁਲ ‘ਤੇ ਕੋਈ ਬੈਰੀਕੇਡਿੰਗ ਨਹੀਂ ਹੈ। ਇਸ ਕਾਰਨ ਇੱਥੇ ਹਰ ਵੇਲੇ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਐਲਿਸੀਆ ਦਾ ਕਹਿਣਾ ਹੈ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਗੂਗਲ ਨੂੰ ਇਸ ਖਤਰਨਾਕ ਪੁਲ ਬਾਰੇ ਦੱਸਿਆ, ਪਰ ਕੰਪਨੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਦੇ ਨਾਲ ਹੀ ਗੂਗਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੈਕਸਨ ਪਰਿਵਾਰ ਨਾਲ ਸਾਡੀ ਪੂਰੀ ਹਮਦਰਦੀ ਹੈ। ਸਾਡਾ ਉਦੇਸ਼ ਰੂਟਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish