ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਨੇ ਪਾਰਟੀ ਦੀ ਪਾਰਲੀਮੈਂਟ ਵਿੱਚ ਸ਼ਮੂਲੀਅਤ ਵਧਾ ਦਿੱਤੀ ਹੈ। ਅਜਿਹੇ ‘ਚ ਜਲਦ ਹੀ ਪੰਜਾਬ ਤੋਂ ਰਾਜ ਸਭਾ ਮੈਂਬਰਾਂ ਦੀ ਚੋਣ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਨੇ ਪੰਜਾਬ ਦੀਆਂ 7 ਰਾਜ ਸਭਾ ਸੀਟਾਂ ਵਿੱਚੋਂ 5 ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਚੋਣ 31 ਮਾਰਚ ਨੂੰ ਹੈ ਅਤੇ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 21 ਮਾਰਚ ਹੈ।
ਅਜਿਹੇ ‘ਚ ‘ਆਪ’ ਨੇ ਪੰਜਾਬ ਤੋਂ ਤਿੰਨ ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਹਨ। ਕ੍ਰਿਕਟਰ ਹਰਭਜਨ ਸਿੰਘ ਬਾਰੇ ਕੱਲ੍ਹ ਨਾਮ ਤੈਅ ਹੋਣ ਦੀ ਜਾਣਕਾਰੀ ਮਿਲੀ ਸੀ। ਹੁਣ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪਾਰਟੀ ਵੱਲੋਂ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਅਤੇ ਦਿੱਲੀ ਆਈਆਈਟੀ ਦੇ ਪ੍ਰੋਫੈਸਰ ਸੰਦੀਪ ਪਾਠਕ ਨੂੰ ਰਾਜ ਸਭਾ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਰਟੀ ਤਿੰਨ ਨਾਵਾਂ ‘ਤੇ ਸਹਿਮਤ ਹੋ ਗਈ ਹੈ। 21 ਮਾਰਚ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਹੈ। ਸੂਤਰਾਂ ਮੁਤਾਬਕ ਇਹ ਤਿੰਨੇ ਨਾਂ ‘ਆਪ’ ਦੀ ਪ੍ਰਮੁੱਖ ਸੂਚੀ ਵਿੱਚ ਸਭ ਤੋਂ ਉੱਪਰ ਹਨ।
ਹਰਭਜਨ ਸਿੰਘ ਇੱਕ ਜਾਣਿਆ-ਪਛਾਣਿਆ ਨਾਮ ਹੈ ਅਤੇ ਦੇਸ਼ ਵਿੱਚ ਇੱਕ ਯੂਥ ਆਈਕਨ ਵਜੋਂ ਜਾਣਿਆ ਜਾਂਦਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਹਰਭਜਨ ਸਿੰਘ ਪੰਜਾਬ ਤੋਂ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ। ਦੂਜੇ ਪਾਸੇ ਰਾਘਵ ਚੱਢਾ ਲੰਬੇ ਸਮੇਂ ਤੋਂ ਪਾਰਟੀ ਦੀ ਮਦਦ ਕਰ ਰਹੇ ਹਨ ਅਤੇ ਪਾਰਟੀ ਅੰਦਰ ਉਨ੍ਹਾਂ ਦੀ ਤਰੱਕੀ ਤੇਜ਼ੀ ਨਾਲ ਹੋਈ ਹੈ। ਇਸ ਸਮੇਂ ਉਹ ਦਿੱਲੀ ਤੋਂ ਵਿਧਾਇਕ ਹਨ। ਰਾਘਵ ਚੱਢਾ ਨੂੰ ਪੰਜਾਬ ਚੋਣਾਂ ਲਈ ਪਾਰਟੀ ਇੰਚਾਰਜ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: