commotion by family members: ਚੰਡੀਗੜ੍ਹ : ਗੌਰਮਿੰਟ ਮੈਡੀਕਲ ਕਾਲਜ ਐਂਡ ਹਾਸਪੀਟਲ (GMCH-32) ‘ਚ ਐਤਵਾਰ ਸਵੇਰੇ ਸੈਕਟਰ-26 ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਕੁਝ ਲੋਕਾਂ ਨੇ ਜੰਮ ਕੇ ਹੰਗਾਮਾ ਕੀਤਾ। ਦਰਅਸਲ ਬੀਤੇ ਦਿਨੀਂ ਸੈਕਟਰ-26 ਬਾਪੂਧਾਮ ਕਾਲੋਨੀ ਫੇਜ਼-3 ਦੇ ਮਕਾਨ ਨੰਬਰ-73 ਦੇ ਰਹਿਣ ਵਾਲੇ ਪੇਰੂਮਲ ਨੇ ਦੱਸਿਆ ਕਿ ਉਸ ਦੇ 7 ਸਾਲ ਦੇ ਭਾਣਜੇ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਉਸ ਦੇ ਭਾਣਜੇ ਦਾ ਪਹਿਲਾਂ ਜ਼ੀਰਕਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ ਪਰ ਅਚਾਨਕ ਉਸ ਦੀ ਤਬੀਅਤ ਖਰਾਬ ਹੋਣ ਕਾਰਨ ਬੀਤੇ ਰੋਜ਼ ਉਸ ਨੂੰ GMCH-32 ਲਈ ਰੈਫਰ ਕੀਤਾ ਗਿਆ ਪਰ ਰਸਤੇ ‘ਚ ਹੀ ਐਂਬੂਲੈਂਸ ‘ਚ ਉਸ ਦੇ 7 ਸਾਲ ਦੇ ਭਾਣਜੇ ਦੀ ਮੌਤ ਹੋ ਗਈ। ਪੇਰੂਮਲ ਨੇ ਦੱਸਿਆ ਕਿ GMCH-32 ਹਸਪਾਤਲ ਦੇ ਡਾਕਟਰਾਂ ਨੇ ਉਸ ਦੇ ਭਾਣਜੇ ਦੀ ਲਾਸ਼ ਨੂੰ ਮੋਰਚਰੀ ‘ਚ ਰਖਵਾ ਦਿੱਤਾ ਤੇ ਕਿਹਾ ਸੀ ਕਿ ਐਤਵਾਰ ਸਵੇਰੇ ਉਸ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਲਈ ਦੇ ਦਿੱਤੀ ਜਾਵੇਗੀ।
ਪੇਰੂਮਲ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਰਿਵਾਰ ਨਾਲ GMCH-32 ਹਸਪਤਾਲ ਆਪਣੇ ਭਾਣਜੇ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਲੈਣ ਗਿਆ ਤਾਂ ਡਾਕਟਰਾਂ ਨੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ।ਇਸ ਬਾਰੇ ਜਦੋਂ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਈ ਹੈ। ਅਜਿਹੇ ‘ਚ ਬੱਚੇ ਦੀ ਮੌਤ ਦਾ ਕਾਰਨ ਪਤਾ ਲਗਾਉਣ ਲਈ ਉਸ ਦਾ ਪੋਸਟਮਾਰਟਮ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਮ੍ਰਿਤਕ ਬੱਚੇ ਦਾ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਲਈ ਭੇਜਿਆ ਜਾਵੇਗਾ ਤਾਂ ਕਿ ਇਹ ਪਤਾ ਲੱਗ ਸਕੇ ਕਿ ਬੱਚੇ ਨੂੰ ਕੋਰੋਨਾ ਵਾਇਰਸ ਹੈ ਜਾਂ ਨਹੀਂ। ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੇ ਕੋਰੋਨਾ ਟੈਸਟਿੰਗ ‘ਚ ਘੱਟ ਤੋਂ ਘੱਟ ਦੋ ਤੋਂ ਤਿੰਨ ਦਿਨ ਲੱਗਣਗੇ। ਅਜਿਹੇ ‘ਚ ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਨੂੰ ਦੇਖਦੇ ਹੋਏ ਮ੍ਰਿਤਕ ਬੱਚੇ ਦੀ ਮੌਤ ਦਾ ਕਾਰਨ ਪਤਾ ਲਗਾਏ ਬਿਨਾਂ ਹਸਪਤਾਲ ਪ੍ਰਸ਼ਾਸਨ ਵੱਲੋਂ ਬੱਚੇ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸਸਕਾਰ ਲਈ ਸੌਂਪਿਆ ਨਹੀਂ ਜਾ ਸਕਦਾ।