ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੀ ਮਾਡਲਿੰਗ ਨੂੰ ਲੈ ਕੇ ਪੰਜਾਬ ਦੇ ਆਗੂ ਭੜਕੇ ਹੋਏ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ ਹਨ। ਰਾਘਵ ਚੱਢਾ ਹਾਲ ਹੀ ਵਿੱਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਣੇ ਹਨ। ਦੂਜੇ ਪਾਸੇ ਇੱਕ ਹੋਰ ਕਾਂਗਰਸੀ ਆਗੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਕੈਟਵਾਕ ਸਾਡੇ ਲੀਡਰ ਦੇ ਭੰਗੜੇ ਦੇ ਸਟੰਟ ਤੋਂ ਵੀ ਮਾੜੀ ਹੈ। ਅਸਲ ਵਿੱਚ ਬੀਤੇ ਦਿਨੀਂ ਰਾਘਵ ਚੱਢਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਸਨ। ਜਿਸ ‘ਚ ਉਹ ਰੈਂਪ ‘ਤੇ ਕੈਟਵਾਕ ਕਰ ਰਹੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿਰੋਧੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਰਾਘਵ ਚੱਢਾ ਨੂੰ ਸਵਾਲ ਕੀਤਾ ਕਿ ਕੀ ਲੈਕਮੇ ਨਾਲ ਮਾਡਲਿੰਗ ਜ਼ਰੂਰੀ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ। ਖਹਿਰਾ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਕੇਂਦਰ ਸਰਕਾਰ ਦੇ ਨਿਯਮ ਥੋਪਣ ਦੀ ਮਿਸਾਲ ਦਿੱਤੀ। ਇਸ ਦੇ ਨਾਲ ਹੀ ਖਹਿਰਾ ਨੇ ਚੱਢਾ ਦੇ ਰੈਂਪ ‘ਤੇ ਕੈਟਵਾਕ ਕਰਦੇ ਹੀ ਵੀਡੀਓ ਵੀ ਪਾ ਦਿੱਤੀ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਰਾਘਵ ਚੱਢਾ ਦੀ ਮਾਡਲਿੰਗ ਵੀਡੀਓ ਪੋਸਟ ਕਰਦੇ ਹੋਏ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਇਸ ਨੂੰ ਰਾਜ ਸਭਾ ਦੀ ਜਿੱਤ ਪਰੇਡ ਕਿਹਾ। ਢਿੱਲੋਂ ਨੇ ਕਿਹਾ ਕਿ ਚੱਢਾ ਦੀ ਮਾਡਲਿੰਗ ਸਾਡੇ ਭੰਗੜੇ ਦੇ ਸਿਆਸੀ ਸਟੰਟ ਨਾਲੋਂ ਵੀ ਮਾੜੀ ਹੈ। ਕੀ ਇਹ ਉਹੀ ਤਬਦੀਲੀ ਹੈ ਜੋ ਪੰਜਾਬ ਚਾਹੁੰਦਾ ਸੀ? ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ‘ਚ ਸੀਐੱਮ ਰਹਿ ਚੁੱਕੇ ਚਰਨਜੀਤ ਚੰਨੀ ਨੂੰ ਅਕਸਰ ਭੰਗੜਾ ਪਾਉਂਦੇ ਦੇਖਿਆ ਜਾਂਦਾ ਸੀ। ਹਾਲਾਂਕਿ ਚੰਨੀ ਦੀ ਅਗਵਾਈ ‘ਚ ਲੜੀਆਂ ਗਈਆਂ ਚੋਣਾਂ ‘ਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: