ਪਿੰਡ ਕਾਉਣੀ ਵਿੱਚ ਪ੍ਰੇਮ ਵਿਆਹ ਦੀ ਰੰਜਿਸ਼ ਦੇ ਚਲਦਿਆਂ ਬੀਤੇ ਦਿਨ ਟਿੱਬੀ ਵਾਲੀ ਬਸਤੀ ਦੇ ਇੱਕ ਪਰਿਵਾਰ ਦਾ ਘਰ ਢਾਹ ਦਿੱਤਾ ਗਿਆ। ਘਟਨਾ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਪੀੜਤ ਬਲਜੀਤ ਕੌਰ ਪਤਨੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਪਿੰਡ ਵਿੱਚ ਹੀ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਕਾਰਨ ਸੁਖਦੀਪ ਸਿੰਘ ਪੁੱਤਰ ਬਲਵੀਰ ਸਿੰਘ ਨੇ ਟਰੈਕਟਰ ਨਾਲ ਉਨ੍ਹਾਂ ਦੇ ਘਰ ਦੀਆਂ ਕੰਧਾਂ, ਮੁੱਖ ਦਰਵਾਜ਼ਾ, ਰਸੋਈ, ਹੈਡਪੰਪ, ਵਿਹੜੇ ਵਿੱਚ ਲੱਗੀ ਟੂਟੀ ਅਤੇ ਉਸ ’ਤੇ ਲੱਗੀ ਮੋਟਰ ਆਦਿ ਪੁੱਟ ਦਿੱਤੀ।
ਇਸ ਦੇ ਨਾਲ ਹੀ ਰਸੋਈ ਤੋੜਨ ਮਗਰੋਂ ਮੋਟਰਸਾਈਕਲ ਤੇ ਹੋਰ ਸਾਮਾਨ ਦੀ ਤੋੜ-ਭੰਨ ਕੀਤੀ। ਮੁਲਜ਼ਮ ਨੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ਕਾਰਨ ਪਰਿਵਾਰ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਪਿੰਡ ਵਿੱਚ ਹੀ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਦੀ ਰੰਜਿਸ਼ ਕਾਰਨ ਇਹ ਕਾਰਾ ਕੀਤਾ ਗਿਆ ਹੈ।
ਥਾਣਾ ਕੋਟਭਾਈ ਦੇ ਐੱਸਐੱਚਓ ਨਵਪ੍ਰੀਤ ਸਿੰਘ, ਦੋਦਾ ਚੌਕੀ ਇੰਚਾਰਜ ਹਰਜੀਤ ਸਿੰਘ ਨੇ ਫੋਰਸ ਸਣੇ ਮੌਕੇ ’ਤੇ ਪੁੱਜ ਕੇ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਚੰਗੀ ਤਰਾਂ ਨਾਲ ਪੜਤਾਲ ਕਰਨ ਮਗਰੋਂ ਧਾਰਾਵਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: