ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਜਲਦ ਹੀ ਮੰਤਰੀ ਮੰਡਲ ਦਾ ਗਠਨ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ, ਉਪ ਮੁੱਖ ਮੰਤਰੀ ਅਹੁਦੇ ਲਈ ਤਿੰਨ ਨਾਵਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਨਾਮ ਹਰਪਾਲ ਚੀਮਾ ਦਾ ਹੈ, ਇਸ ਤੋਂ ਇਲਾਵਾ ਦੋ ਹੋਰ ਨਾਵਾਂ ਵਿੱਚ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾ ਹਨ। ਇਹ ਤਿੰਨੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ।
ਮੰਤਰੀ ਮੰਡਲ ਵਿੱਚ ਸਭ ਤੋਂ ਅਹਿਮ ਚਿਹਰਾ ਹਰਪਾਲ ਸਿੰਘ ਚੀਮਾ ਦਾ ਹੈ। ਚੀਮਾ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। ਉਹ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ। ਮਾਨ ਦੇ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਪਹਿਲਾਂ, ਪੰਜਾਬ ਵਿੱਚ ਪਾਰਟੀ ਦੇ ਪੋਸਟਰਾਂ ਵਿੱਚ ਤਿੰਨ ਚਿਹਰੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਵੀ ਉਪ ਮੁੱਖ ਮੰਤਰੀ ਨਾ ਬਣਾਉਣ ਦਾ ਫ਼ੈਸਲਾ ਲਿਆ ਜਾਂਦਾ ਹੈ ਤਾਂ ਇਸ ਸੂਰਤ ਵਿੱਚ ਉਕਤ ਤਿੰਨਾਂ ਨੂੰ ਸਭ ਤੋਂ ਮਹੱਤਵਪੂਰਨ ਮੰਤਰਾਲੇ ਸੌਂਪੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਖਜ਼ਾਨਾ, ਗ੍ਰਹਿ ਤੇ ਸਥਾਨਕ ਸਰਕਾਰਾਂ ਵਿਭਾਗ ਸ਼ਾਮਲ ਹਨ।
ਕੁਲਤਾਰ ਸਿੰਘ ਸੰਧਵਾਂ ਮੰਤਰੀ ਮੰਡਲ ਦਾ ਸੰਭਾਵੀ ਮੁੱਖ ਚਿਹਰਾ ਹਨ। ਉਹ ਲਗਾਤਾਰ ਦੂਜੀ ਵਾਰ ਕੋਟਕਪੂਰਾ ਹਲਕੇ ਤੋਂ ਜਿੱਤੇ ਹਨ। ਕੁਲਤਾਰ ਸਿੰਘ ਪੰਜਾਬ ਵਿੱਚ ‘ਆਪ’ ਦਾ ਵੱਡਾ ਚਿਹਰਾ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ। ਅਮਨ ਅਰੋੜਾ ਵੀ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਉਹ ਵੀ ਮਾਨ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਗੁਰਮੀਤ ਹੇਅਰ ਦਾ ਨਾਂ ਵੀ ਸੰਭਾਵਿਤ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ‘ਆਪ’ ਦੇ ਯੂਥ ਵਿੰਗ ਦੇ ਪ੍ਰਧਾਨ ਗੁਰਮੀਤ ਲਗਾਤਾਰ ਦੂਜੀ ਵਾਰ ਬਰਨਾਲਾ ਤੋਂ ਵਿਧਾਇਕ ਬਣੇ ਹਨ।
ਵੀਡੀਓ ਲਈ ਕਲਿੱਕ ਕਰੋ -: