ਪੰਜਾਬ ਵਿੱਚ ਡੇਂਗੂ ਸਬੰਧੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਹੁਣ ਸੂਬੇ ਵਿੱਚ ਡੇਂਗੂ ਪੀੜਤਾਂ ਦੀ ਗਿਣਤੀ 10 ਹਜ਼ਾਰ ਨੂੰ ਪਾਰ ਕਰ ਗਈ ਹੈ। 22 ਜ਼ਿਲ੍ਹਿਆਂ ਵਿੱਚ ਕਰੀਬ 28,000 ਨਮੂਨਿਆਂ ਦੀ ਜਾਂਚ ਵਿੱਚ ਇਹ ਨਤੀਜੇ ਆਏ ਹਨ। ਸਰਕਾਰ ਨੇ ਇਨਫੈਕਸ਼ਨ ਵਧਣ ਤੋਂ ਬਾਅਦ ਸਿਵਲ ਸਰਜਨਾਂ ਨੂੰ ਸੰਕਟ ਪ੍ਰਬੰਧਨ ਮੋਡ ਵਿੱਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸਦੇ ਨਾਲ ਹੀ, ਚੇਤਾਵਨੀ ਦਿੱਤੀ ਗਈ ਹੈ ਕਿ ਲਾਪਰਵਾਹੀ ਵਰਤਣ ‘ਤੇ ਤਬਾਦਲੇ ਲਈ ਤਿਆਰ ਰਹਿਣ।
ਡੇਂਗੂ ਨੂੰ ਲੈ ਕੇ ਸੂਬੇ ਵਿੱਚ ਲੋਕ ਲਗਾਤਾਰ ਲਾਪਰਵਾਹੀ ਵਰਤ ਰਹੇ ਹਨ। ਹਾਲ ਹੀ ਵਿੱਚ 12.80 ਲੱਖ ਘਰਾਂ ਦੀ ਜਾਂਚ ਵਿੱਚ ਇਹ ਪੁਸ਼ਟੀ ਕੀਤੀ ਗਈ ਹੈ ਕਿ 21,683 ਘਰਾਂ ਵਿੱਚ ਲਾਰਵੇ ਮਿਲੇ ਹਨ। ਪੰਜਾਬ ਸਰਕਾਰ ਨੇ ਮਜਬੂਰੀ ਵਿੱਚ ਘਰਾਂ ਵਿੱਚ ਲੋਕਾਂ ਦੀ ਅਣਗਹਿਲੀ ਦੇ ਮੱਦੇਨਜ਼ਰ ਡਰਾਈ-ਡੇਅ ਸ਼ੁੱਕਰਵਾਰ ਦੀ ਬਜਾਏ ਐਤਵਾਰ ਕਰ ਦਿੱਤਾ ਹੈ। ਹਾਲਾਂਕਿ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ ਕੁਝ ਜ਼ਿਲ੍ਹਿਆਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕੁਝ ਕਮੀ ਆਈ ਹੈ। ਹੁਣ ਸਰਕਾਰ ਨੇ ਜ਼ਿਲ੍ਹਿਆਂ ਵਿੱਚ ਤਾਇਨਾਤ ਸਾਰੇ ਸਿਵਲ ਸਰਜਨਾਂ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ। ਉਪ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਉਹ ਸੰਕਟ ਪ੍ਰਬੰਧਨ ਮੋਡ ਵਿੱਚ ਸਰਗਰਮੀ ਨਾਲ ਕੰਮ ਕਰਨ, ਨਹੀਂ ਤਾਂ ਉਹ ਤਬਾਦਲੇ ਲਈ ਤਿਆਰ ਰਹਿਣ।
ਡੇਂਗੂ ਦੇ 80 ਫੀਸਦੀ ਮਾਮਲੇ ਸ਼ਹਿਰਾਂ ਵਿੱਚ ਸਾਹਮਣੇ ਆਏ ਹਨ। ਸ਼ਹਿਰਾਂ ਵਿੱਚ ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਸਟੇਟ ਟਾਸਕ ਫੋਰਸ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਫੋਰਸ ਨੂੰ ਡੇਂਗੂ ਦੀ ਰੋਕਥਾਮ ਦੇ ਉਪਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸ਼ਹਿਰੀ ਖੇਤਰਾਂ ਵਿੱਚ ਪਾਣੀ ਨਾਲ ਭਰੀਆਂ ਥਾਵਾਂ ‘ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਵੀ ਕਿਹਾ ਗਿਆ। ਸਾਲ 2020 ਵਿੱਚ ਡੇਂਗੂ ਦੇ 8345 ਮਾਮਲੇ ਆਏ ਸਨ ਅਤੇ 22 ਮੌਤਾਂ ਹੋਈਆਂ ਸਨ। ਚਾਲੂ ਸਾਲ ਦੌਰਾਨ ਲੋਕਾਂ ਵਿੱਚ ਇਨਫੈਕਸ਼ਨ ਦੀ ਦਰ ਜ਼ਿਆਦਾ ਪਾਈ ਗਈ ਹੈ ਪਰ ਚੰਗੀ ਗੱਲ ਇਹ ਹੈ ਕਿ ਹੁਣ ਤੱਕ ਡੇਂਗੂ ਨਾਲ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। ਪਿਛਲੇ ਦੋ ਸਾਲਾਂ ਤੋਂ ਰਾਜ ਵਿੱਚ ਚਿਕਨਗੁਨੀਆ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -: