ਪਟਿਆਲਾ ‘ਚ ਹਿੰਦੂ-ਸਿੱਖਾਂ ਵਿਚਾਲੇ ਹੋਏ ਵਿਵਾਦ ‘ਤੇ ਵਿਚਾਰ ਕਰਨ ਲਈ ਅੱਜ ਯਾਨੀ ਸ਼ੁੱਕਰਵਾਰ ਨੂੰ ਸਿੱਖ ਜੱਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ ਹੈ। ਅੱਜ ਦੁਪਹਿਰ ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਇਸ ਇਕੱਠ ਦਾ ਹਿੱਸਾ ਬਣਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਰਹੀਆਂ ਹਨ। ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਵਿਚਾਰ ਰੱਖਣਗੇ ਅਤੇ ਕੌਮ ਨੂੰ ਆਪਣਾ ਸੰਦੇਸ਼ ਵੀ ਦੇਣਗੇ।
ਜ਼ਿਕਰਯੋਗ ਹੈ ਕਿ ਪਟਿਆਲਾ ਹਿੰਸਾ ਤੋਂ ਬਾਅਦ ਪੰਜਾਬ ‘ਚ ਸਿੱਖ ਅਤੇ ਹਿੰਦੂ ਸੰਗਠਨਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਬਲਵਿੰਦਰ ਸਿੰਘ ਨੂੰ ਮਿਲਣ ਲਈ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚਿਆ ਸੀ। ਜਥੇਦਾਰ ਕਰਨੈਲ ਸਿੰਘ ਦੀ ਅਗਵਾਈ ਹੇਠ ਵਫ਼ਦ ਐਸਐਸਪੀ ਪਟਿਆਲਾ ਦੀਪਕ ਪਾਰਿਖ ਨੂੰ ਵੀ ਮਿਲਿਆ ਸੀ, ਜਿਨ੍ਹਾਂ ਨੇ ਬਰਜਿੰਦਰ ਸਿੰਘ ਪਰਵਾਨਾ ਨੂੰ ਮੁੱਖ ਦੋਸ਼ੀ ਕਰਾਰ ਦੇਣ ਦੀ ਨਿਖੇਧੀ ਕਰਦਿਆਂ ਸਿੱਖਾਂ ’ਤੇ ਦਰਜ ਕੀਤੇ ਪਰਚੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਵੀ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11 ਮਈ ਨੂੰ ਪੰਥਕ ਇਕੱਠ ਵੀ ਬੁਲਾਇਆ ਗਿਆ ਹੈ, ਜਿਸ ਵਿੱਚ ਉਹ ਜੇਲ੍ਹਾਂ ਵਿੱਚ ਬੰਦ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਰਣਨੀਤੀ ਬਣਾਉਣ ਬਾਰੇ ਵਿਚਾਰ ਕਰਨਗੇ। ਇਹ ਮੀਟਿੰਗ 11 ਮਈ ਨੂੰ ਤੇਜਾ ਸਿੰਘ ਹਾਲ ਵਿਖੇ ਬੁਲਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: