ਪੰਜਾਬ-ਹਰਿਆਣਾ ਵਿੱਚ ਕੱਲ੍ਹ ਪੂਰਾ ਦਿਨ ਮੀਂਹ ਪੈਣ ਕਾਰਨ ਅਤੇ ਸੀਤ ਹਵਾਵਾਂ ਕਰਕੇ ਠੰਢ ਵੱਧ ਗਈ ਹੈ। ਮੀਂਹ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾਏ ਹੋਏ ਹਨ। ਖੇਤਾਂ ਵਿੱਚ ਪਹਿਲਾਂ ਪਏ ਮੀਂਹ ਦਾ ਪਾਣੀ ਅਜੇ ਸੁੱਕਿਆ ਨਹੀਂ ਸੀ ਕਿ ਮੁੜ ਮੀਂਹ ਪੈਣ ਨਾਲ ਸਬਜ਼ੀਆਂ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਕਣਕਾਂ ‘ਚ ਪਾਣੀ ਖੜ੍ਹਾ ਰਹਿਣ ਕਾਰਨ ਫ਼ਸਲ ਦਾ ਰੰਗ ਪੀਲਾ ਪੈਣ ਲੱਗਾ ਹੈ। ਮੀਂਹ ਅਤੇ ਸੀਤ ਲਹਿਰ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।
ਜਨਵਰੀ ਮਹੀਨੇ ਪੰਜਾਬ ਵਿੱਚ ਪੈਂਦੇ ਮੀਂਹ ਅਤੇ ਧੁੱਪ ਨਾ ਨਿਕਲਣ ਕਰਕੇ ਆਲੂ, ਮਟਰ, ਟਮਾਟਰ, ਮੂਲੀ ਤੇ ਗਾਜਰ ਦੀ ਫ਼ਸਲ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਲੰਘੀ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਨ੍ਹਾਂ ਦੀ ਆਲੂ ਅਤੇ ਮੂਲੀ ਦੀ ਫ਼ਸਲ ਤਾਂ ਨਸ਼ਟ ਹੋਣ ਕੰਢੇ ਪਹੁੰਚ ਗਈ ਹੈ। ਇਸ ਹਾਲ ਵਿੱਚ ਕਿਸਾਨ ਦਾਗੀ ਆਲੂ ਨੂੰ ਹੀ ਸਸਤੇ ਭਾਅ ਮੰਡੀਆਂ ‘ਚ ਵੇਚਣ ਲਈ ਮਜਬੂਰ ਹੋ ਗਏ ਹਨ। ਅਜਿਹੇ ਹਾਲਾਤ ਵਿੱਚ ਕਿਸਾਨਾਂ ਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ ਬਾਗ਼ਬਾਨੀ ਵਿਭਾਗ ਵੱਲੋਂ ਸੂਬੇ ’ਚ ਫ਼ਸਲਾਂ ਦੇ ਨੁਕਸਾਨ ਦਾ ਸਰਵੇਖਣ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿੱਚ 11.5 ਮਿਲੀਮੀਟਰ, ਲੁਧਿਆਣਾ ’ਚ 24.2, ਅੰਮ੍ਰਿਤਸਰ ’ਚ 10, ਪਟਿਆਲਾ ’ਚ 10.1, ਬਰਨਾਲਾ 15.5, ਬਠਿੰਡਾ 6.5, ਫਿਰੋਜ਼ਪੁਰ 5.5, ਗੁਰਦਾਸਪੁਰ 22, ਜਲੰਧਰ 29.5, ਮੋਗਾ 20.5, ਮੁਹਾਲੀ 8, ਮੁਕਤਸਰ 8.5 ਤੇ ਰੋਪੜ ਵਿੱਚ 21.5 ਮਿਲੀਮੀਟਰ ਮੀਂਹ ਪਿਆ ਹੈ। ਇਸ ਤਰ੍ਹਾਂ ਹੀ ਹਰਿਆਣਾ ਦੇ ਅੰਬਾਲਾ ’ਚ 9 ਐੱਮਐੱਮ, ਹਿਸਾਰ 1.2, ਕਰਨਾਲ 5.2, ਰੋਹਤਕ 4.2, ਕਰਨਾਲ 6, ਕੁਰੂਕਸ਼ੇਤਰ 16.5, ਮਹਿੰਦਰਗੜ੍ਹ 8.5 ਅਤੇ ਯਮੁਨਾਨਗਰ ’ਚ 26 ਮਿਲੀਮੀਟਰ ਮੀਂਹ ਪਿਆ ਹੈ। ਮੈਦਾਨੀ ਇਲਾਕੇ ਵਿੱਚ ਲੰਘੀ ਰਾਤ ਤੋਂ ਪੈ ਰਹੇ ਮੀਂਹ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਕਰ ਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਤਾਪਮਾਨ ਵੀ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: