ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਦਿਨ ਵੱਧ ਰਹੀਆਂ ਕੀਮਤਾਂ ‘ਤੇ ਬ੍ਰੇਕ ਲੱਗ ਸਕਦੀ ਹੈ। ਰਿਪੋਰਟਾਂ ਹਨ ਕਿ ਕੇਂਦਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਇੱਕ ਯੋਜਨਾ ਤਿਆਰ ਕੀਤੀ ਹੈ। ਜਿਸ ਨਾਲ ਆਉਣ ਵਾਲੇ ਕੁਝ ਦਿਨਾਂ ਤੱਕ ਇਨ੍ਹਾਂ ਦੀਆਂ ਕੀਮਤਾਂ ਸਥਿਰ ਰਹਿ ਸਕਦੀਆਂ ਹਨ।
ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੇਕਰ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਨਹੀਂ ਆਈ ਅਤੇ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਸਰਕਾਰ ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕਰਨ ਦਾ ਕਦਮ ਵੀ ਚੁੱਕ ਸਕਦੀ ਹੈ, ਤਾਂ ਜੋ ਆਮ ਜਨਤਾ ਦਾ ਬੋਝ ਘਟਾਇਆ ਜਾ ਸਕੇ।
ਰਿਪੋਰਟ ਮੁਤਾਬਕ, ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪੈਟਰੋਲ-ਡੀਜ਼ਲ ‘ਤੇ ਲੱਗਣ ਵਾਲੇ ਵੈਟ ਵਿੱਚ ਕਟੌਤੀ ਕਰਨ ਲਈ ਵੀ ਕਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੂਬੇ ਵੈਟ ਵਿੱਚ ਕਟੌਤੀ ਕਰਦੇ ਹਨ ਜਾਂ ਨਹੀਂ ਕਿਉਂਕਿ ਮਾਲੀ ਹਾਲਤ ਦਾ ਹਵਾਲਾ ਦੇ ਕੇ ਸੂਬੇ ਇਸ ਤੋਂ ਗੁਰੇਜ਼ ਕਰ ਸਕਦੇ ਹਨ। ਪਿਛਲੀ ਵਾਰ ਕੇਂਦਰ ਵੱਲੋਂ ਪੈਟਰੋਲ ਵਿੱਚ 5 ਰੁਪਏ ਅਤੇ ਡੀਜ਼ਲ ਵਿੱਚ 10 ਰੁਪਏ ਐਕਸਈਜ਼ ਡਿਊਟੀ ਦੀ ਕਮੀ ਕੀਤੀ ਗਈ ਸੀ, ਜਿਸ ਮਗਰੋਂ ਕਈ ਰਾਜਾਂ ਨੇ ਵੀ ਵੈਟ ਘਟਾਇਆ ਸੀ। ਪੰਜਾਬ ਦੀ ਪਿਛਲੀ ਸਰਕਾਰ ਨੇ ਪੈਟਰੋਲ 10 ਰੁਪਏ ਅਤੇ ਡੀਜ਼ਲ 5 ਰੁਪਏ ਸਸਤਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
17 ਦਿਨਾਂ ‘ਚ 14 ਵਾਰ ਵਧੀਆਂ ਕੀਮਤਾਂ
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਬੁੱਧਵਾਰ ਤੱਕ ਇਸ ਵਿੱਚ 14 ਵਾਰ ਵਾਧਾ ਕੀਤਾ ਗਿਆ ਸੀ। ਪਿਛਲੇ 17 ਦਿਨਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 10 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। 24 ਮਾਰਚ, 1 ਅਪ੍ਰੈਲ ਅਤੇ 7 ਅਪ੍ਰੈਲ ਨੂੰ ਸਿਰਫ ਤਿੰਨ ਦਿਨ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ। ਵੀਰਵਾਰ ਨੂੰ ਦਿੱਲੀ ਵਿੱਚ ਇਕ ਲੀਟਰ ਪੈਟਰੋਲ ਦੀ ਕੀਮਤ 105.41 ਰੁਪਏ ‘ਤੇ ਪਹੁੰਚ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 96.67 ਰੁਪਏ ਪ੍ਰਤੀ ਲੀਟਰ ਰਹੀ।