ਭਾਰਤੀ ਕ੍ਰਿਕਟਰ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਭਾਰਤ ਦੇ ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਅੱਜ ਐਤਵਾਰ ਨੂੰ ਦੇਹਾਂਤ ਹੋ ਗਿਆ ਹੈ। ਸਲੀਮ ਦੁਰਾਨੀ ਕੈਂਸਰ ਦੀ ਬਿਮਾਰੀ ‘ਤੋਂ ਪੀੜਤ ਸਨ ਅਤੇ ਅੱਜ ਉਨ੍ਹਾਂ ਨੇ 88 ਸਾਲ ਦੀ ਉਮਰ ਵਿੱਚ ਗੁਜਰਾਤ ਦੇ ਆਪਣੇ ਜਮਨਾਗਾਰ ਸਥਿਤ ਘਰ ‘ਚ ਆਖਰੀ ਸਾਹ ਲਿਆ। ਸਲੀਮ ਦੁਰਾਨੀ ਦੇ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਲੀਮ ਦੁਰਾਨੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ।
ਸਲੀਮ ਦੁਰਾਨੀ ਦਾ ਜਨਮ 11 ਦਸੰਬਰ 1934 ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹੋਇਆ ਸੀ। ਬਾਅਦ ਵਿੱਚ ਦੁਰਾਨੀ ਦਾ ਪਰਿਵਾਰ ਕਰਾਚੀ ਵਿੱਚ ਵਸ ਗਿਆ। ਦੁਰਾਨੀ ਦਾ ਪਰਿਵਾਰ ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਭਾਰਤ ਵਿੱਚ ਆ ਕੇ ਵਸਿਆ ਸੀ। ਭਾਰਤੀ ਟੀਮ ਦੇ ਆਲਰਾਊਂਡਰ ਦੁਰਾਨੀ ਨੇ ਭਾਰਤ ਲਈ 29 ਟੈਸਟ ਖੇਡੇ ਅਤੇ 1202 ਦੌੜਾਂ ਬਣਾਈਆਂ ਅਤੇ 75 ਵਿਕਟਾਂ ਲਈਆਂ। ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਦੁਰਾਨੀ ਦੇ ਨਾਂ 170 ਮੈਚਾਂ ‘ਚ 8545 ਦੌੜਾਂ ਅਤੇ 484 ਵਿਕਟਾਂ ਹਨ।
ਦੁਰਾਨੀ ਨੂੰ ਇੱਕ ਸ਼ਾਨਦਾਰ ਆਲਰਾਊਂਡਰ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 1961-62 ਵਿੱਚ ਇੰਗਲੈਂਡ ਖ਼ਿਲਾਫ਼ ਲੜੀ ਵਿੱਚ ਅਹਿਮ ਯੋਗਦਾਨ ਪਾਇਆ। ਪਿਛਲੇ ਦੋ ਟੈਸਟਾਂ ਵਿੱਚ ਸਲੀਮ ਨੇ ਭਾਰਤ ਨੂੰ ਜਿੱਤ ਦਿਵਾਈ ਸੀ। ਦੁਰਾਨੀ ਨੇ ਕੋਲਕਾਤਾ ਵਿੱਚ ਅੱਠ ਵਿਕਟਾਂ ਅਤੇ ਚੇਨਈ ਟੈਸਟ ਵਿੱਚ ਦਸ ਵਿਕਟਾਂ ਲਈਆਂ ਸਨ। ਭਾਰਤ ਨੇ 5 ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤ ਲਈ ਹੈ। ਸਲੀਮ ਦੁਰਾਨੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਕ੍ਰਿਕਟਰ ਸਨ। ਉਨ੍ਹਾਂ ਨੂੰ ਇਹ ਸਨਮਾਨ ਸਾਲ 1961 ਵਿੱਚ ਮਿਲਿਆ ਸੀ।
ਇਹ ਵੀ ਪੜ੍ਹੋ : ‘ਆਪ’ ਦੇ ਇੱਕ ਹੋਰ ਵਿਧਾਇਕ ਵਿਆਹ ਦੇ ਬੰਧਨ ‘ਚ ਬੱਝੇ, CM ਮਾਨ ਦੀ ਪਤਨੀ ਸਣੇ ਕਈ ਮੰਤਰੀ ਪਹੁੰਚੇ
ਦੁਰਾਨੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। 1973 ਵਿੱਚ ਦੁਰਾਨੀ ਨੂੰ ਇੰਗਲੈਂਡ ਦੇ ਖਿਲਾਫ ਕਾਨਪੁਰ ਟੈਸਟ ਲਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਟੇਡੀਅਮ ‘ਚ ਟੀਮ ਖਿਲਾਫ ਪ੍ਰਦਰਸ਼ਨ ਕੀਤਾ ਸੀ। ਪ੍ਰਸ਼ੰਸਕਾਂ ਨੇ ਕਾਰਡਾਂ ਅਤੇ ਬੈਨਰਾਂ ‘ਤੇ ਲਿਖਿਆ- ਦੁਰਾਨੀ ਨਹੀਂ ‘ਤਾਂ ਟੈਸਟ ਨਹੀਂ। ਇਸ ਤੋਂ ਬਾਅਦ ਦੁਰਾਨੀ ਨੂੰ ਮੁੰਬਈ ਟੈਸਟ ‘ਚ ਮੌਕਾ ਮਿਲਿਆ।
ਸਲੀਮ ਦੁਰਾਨੀ ਨੇ ਭਾਰਤ ਲਈ ਆਖਰੀ ਟੈਸਟ ਮੈਚ ਫਰਵਰੀ 1973 ਨੂੰ ਬ੍ਰੇਬੋਰਨ ਸਟੇਡੀਅਮ ਮੁੰਬਈ ਵਿਖੇ ਇੰਗਲੈਂਡ ਵਿਰੁੱਧ ਖੇਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਰਿਟਾਇਰਮੈਂਟ ‘ਤੋਂ ਬਾਅਦ ਦੁਰਾਨੀ ਨੇ ਫਿਲਮ ਇੰਡਸਟਰੀ ‘ਚ ਵੀ ਹੱਥ ਅਜ਼ਮਾਇਆ। ਦੁਰਾਨੀ ਨੇ ਬਾਲੀਵੁੱਡ ਫਿਲਮ ‘ਚਰਿਤ੍ਰ’ ‘ਚ ਕੰਮ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: