ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਦਿਖ ਰਹੀਆਂ ਹਨ। ਬਠਿੰਡਾ ਵਿਜੀਲੈਂਸ ਦੇ ਰਾਡਾਰ ‘ਤੇ ਹੁਣ ਉਨ੍ਹਾਂ ਦੇ ਕਰੀਬੀ ਵੀ ਹਨ। ਵਿਜੀਲੈਂਸ ਨੇ ਮਨਪ੍ਰੀਤ ਬਾਦਲ ਦੇ ਸਾਬਕਾ ਗੰਨਮੈਨ ਦੀ ਪ੍ਰਾਪਰਟੀ ਸਬੰਧੀ ਰਿਕਾਰਡ ਜੁਟਾਉਣਾ ਸ਼ੁਰੂ ਕਰ ਦਿੱਤਾ ਹੈ।
ਵਿਜੀਲੈਂਸ ਨੇ 12 ਸਾਲ ਪੁਰਾਣੇ ਗੰਨਮੈਨ ਦੀ ਵਪਾਰਕ, ਰਿਹਾਇਸ਼ੀ, ਖੇਤੀਬਾੜੀ ਸਬੰਧੀ ਪ੍ਰਾਪਰਟੀ ਦਾ ਰਿਕਾਰਡ ਖੰਗਾਲਣਾ ਸ਼ੁਰੂ ਕੀਤਾ ਹੈ। ਬਠਿੰਡਾ ਰੇਂਜ ਨੇ ਜਾਂਚ ਪੜਤਾਲ ਤੇਜ਼ ਕੀਤੀ ਹੋਈ ਹੈ। ਇਨ੍ਵਾਂ ਵਿਚੋਂ ਇਕ ਜਾਂਚ ਸਾਬਕਾ ਵਿੱਤ ਮੰਤਰੀ ਬਾਦਲ ਵੱਲੋਂ ਅਰਬਨ ਅਸਟੇਟ ਬਠਿੰਡਾ ਵਿਚ ਖਰੀਦੇ ਗਏ 2 ਰਿਹਾਇਸ਼ੀ ਪਲਾਟ ਨਾਲ ਸਬੰਧਤ ਹੈ। ਵਿਜੀਲੈਂਸ ਨੂੰ ਇਨ੍ਹਾਂ ਪਲਾਟਾਂ ਦੀ ਖਰੀਦੋ-ਫਰੋਖਤ ‘ਤੇ ਸ਼ੱਕ ਹੈ।
ਵਿਕਾਸ ਅਥਾਰਟੀ ਬਠਿੰਡਾ ਨੇ ਸਾਲ 2018 ਵਿਚ ਬਿਨਾਂ ਨਕਸ਼ਾ ਅਪਲੋਡ ਕੀਤੇ 5 ਪਲਾਟ ਦੀ ਬੋਲੀ ਕਰਾਈ ਸੀ ਪਰ ਕੋਈ ਵਿਅਕਤੀ ਬਿਡ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੋਇਆ ਸੀ। ਇਸ ਕਾਰਨ ਦੁਬਾਰਾ 17 ਸਤੰਬਰ 2021 ਨੂੰ 3 ਪਲਾਟ ਦੀ ਆਨਲਾਈਨ ਬੋਲੀ ਖੋਲ੍ਹੀ ਗਈ ਜੋ 27 ਸਤੰਬਰ ਨੂੰ ਹੋਣੀ ਸੀ। ਉਕਤ ਦੋ ਰਿਹਾਇਸ਼ੀ ਪਲਾਟ ਦਾ ਰਕਬਾ ਇਕ ਹਜ਼ਾਰ ਗਜ਼ ਤੇ 500 ਗਜ਼ ਸੀ।
ਰਿਹਾਇਸ਼ੀ ਪਲਾਟ ਦੀ ਆਨਲਾਈਨ ਬੋਲੀ ਵਿਚ 3 ਲੋਕ ਰਾਜੀਵ ਕੁਮਾਰ, ਵਿਕਾਸ ਕੁਮਾਰ ਤੇ ਅਮਨਦੀਪ ਸ਼ਾਮਲ ਹੋਏ। ਵਿਜੀਲੈਂਸ ਮੁਤਾਬਕ ਪਲਾਟ ਦੀ ਬੋਲੀ ਵਿਚ ਹਿੱਸਾ ਲੈਣ ਵਾਲਾ ਅਮਨਦੀਪ ਕਿਸੇ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦਾ ਹੈ। ਵਿਜੀਲੈਂਸ ਨੇ ਬੀਡੀਓ ਦੇ ਸਰਵਰ ਦੇ ਆਈਪੀ ਐਡਰੈਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੋਲੀ ਲਗਾਉਣ ਵਾਲੇ 3 ਲੋਕਾਂ ਨੇ ਇਕ ਹੀ ਕੰਪਿਊਟਰ ਤੋਂ ਬੋਲੀ ਲਗਾਈ ਸੀ।
ਇਹ ਵੀ ਪੜ੍ਹੋ : ਨਜਾਇਜ਼ ਉਸਾਰੀਆਂ ਖਿਲਾਫ ਮਾਨ ਸਰਕਾਰ ਦੀ ਪਹਿਲ, ਜਾਰੀ ਕੀਤਾ ਵ੍ਹਟਸਐਪ ਨੰਬਰ
ਵਿਜੀਲੈਂਸ ਮੁਤਾਬਕ ਇਹ ਬੋਲੀ ਪੂਲ ਸਿਸਟਮ ਤਹਿਤ ਦਿੱਤੀ ਗਈ ਸੀ। ਬੋਲੀ ‘ਤੇ ਪਲਾਟ ਮਿਲਣ ਦੇ ਬਾਅਦ ਰਾਜੀਵ ਕੁਮਾਰ ਤੇ ਵਿਕਾਸ ਕੁਮਾਰ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ 30 ਸਤੰਬਰ ਨੂੰ ਦੋਵੇਂ ਪਲਾਟ ਵੇਚਣ ਦਾ ਐਗਰੀਮੈਂਟ ਕਰ ਲਿਆ। ਇਸ ਬਦਲੇ ਮਨਪ੍ਰੀਤ ਬਾਦਲ ਨੇ ਇਕ ਕਰੋੜ ਦੀ ਰਕਮ ਦੀ ਅਦਾਇਗੀ ਦੋਵਾਂ ਦੇ ਬੈਂਕ ਖਾਤਿਆਂ ਵਿਚ ਕਰ ਦਿੱਤੀ। ਵਿਜੀਲੈਂਸ ਜਾਂਚ ਟੀਮ ਮੁਤਾਬਕ ਰਾਜੀਵ ਤੇ ਵਿਕਾਸ ਨੇ 5 ਅਕਤੂਬਰ 2021 ਨੂੰ ਬੀਡੀਏ ਕੋਲ ਪਹਿਲੀ ਕਿਸ਼ਤ ਵਜੋਂ 25 ਫੀਸਦੀ ਦੀ ਰਕਮ ਭਰੀ ਸੀ।
ਵੀਡੀਓ ਲਈ ਕਲਿੱਕ ਕਰੋ -: