ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੇ ਚਸ਼ਮਦੀਦ ਪ੍ਰਿੰਸ ਨੇ ਮੂਸੇਵਾਲਾ ਦੇ ਕਤਲ ਬਾਰੇ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਵਾਰਦਾਤ ਸ਼ਾਮ 5 ਤੋਂ 5.30 ਵਜੇ ਦੇ ਵਿਚ ਘਟੀ। ਸਿਰਫ 2 ਮਿੰਟ ਵਿਚ ਹੀ ਮੂਸੇਵਾਲਾ ਨੂੰ 30 ਗੋਲੀਆਂ ਮਾਰੀਆਂ ਗਈਆਂ। ਦੋ ਗੱਡੀਆਂ ਆਈਆਂ ਇਕ ਬਲੈਰੋ ਤੇ ਦੂਜੀ ਲੰਬੀ ਵਾਲੀ ਕਾਰ ਸੀ। ਦੋਵੇਂ ਗੱਡੀਆਂ ਮੂਸੇਵਾਲਾ ਦੀ ਥਾਰ ਨੂੰ ਓਵਰਟੇਕ ਕਰਦੀਆਂ ਹਨ। ਮੂਸੇਵਾਲਾ ਜਿਵੇਂ ਹੀ ਆਪਣੀ ਕਾਰ ਨੂੰ ਸੰਭਾਲਦੇ ਹਨ, ਦੋਵੇਂ ਕਾਰਾਂ ਵਿਚੋਂ 7 ਨੌਜਵਾਨ ਉਤਰੇ ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਕਰਦੇ ਹੋਏ ਉਹ ਸਿਰਫ 1 ਜਾਂ 2 ਮਿੰਟ ਹੀ ਉਥੇ ਰੁਕੇ ਤੇ ਫਿਰ ਉਥੋਂ ਫਰਾਰ ਹੋ ਗਏ।
ਚਸ਼ਮਦੀਦ ਪ੍ਰਿੰਸ ਨੇ ਦੱਸਿਆ ਕਿ ਦੋਸ਼ੀਆਂ ਨੇ ਪਹਿਲੀ ਗੋਲੀ ਮੂਸੇਵਾਲਾ ਦੀ ਗੱਡੀ ਦੇ ਪਿੱਛੇ ਟਾਇਰ ‘ਤੇ ਮਾਰੀ ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ। ਇੰਨੇ ਵਿਚ ਦੋਸ਼ੀਆਂ ਨੇ ਓਵਰਟੇਕ ਕਰਕੇ ਗੱਡੀ ਤੋਂ ਉਤਰ ਕੇ ਤਾਬੜਤੋੜ ਫਾਇਰਿੰਗ ਸ਼ੁਰੂ ਕੀਤੀ। ਮੂਸੇਵਾਲਾ ਤੇ ਉਸ ਦੇ ਦੋ ਦੋਸਤਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਘਰ ਤੋਂ ਬਾਹਰ ਆਉਂਦੇ ਹਨ ਪਰ ਹਮਲਾਵਰਾਂ ਦੀ ਲਲਕਾਰ ਸੁਣ ਕੇ ਘਰਾਂ ਵਿਚ ਵਾਪਸ ਮੁੜ ਗਏ।
ਪ੍ਰਿੰਸ ਨੇ ਦੱਸਿਆ ਕਿ ਹਮਲਾਵਰਾਂ ਨੇ ਗੋਲੀਆਂ ਇਸ ਤਰ੍ਹਾਂ ਚਲਾਈਆਂ ਜਿਵੇਂ ਉਹ ਸੋਚ ਕੇ ਹੀ ਆਏ ਸਨ ਕਿ ਅੱਜ ਮੂਸੇਵਾਲਾ ਨੂੰ ਖਤਮ ਕਰਕੇ ਹੀ ਜਾਣਾ ਹੈ। ਹਮਲਾਵਰਾਂ ਨੇ ਲਗਭਗ 30 ਫਾਇਰ ਕੀਤੇ। ਪ੍ਰਿੰਸ ਮੁਤਾਬਕ ਉਸ ਨੇ ਤੇ ਉਸ ਦੇ ਦੋਸਤ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਲੱਭਣ ਵਿਚ ਪੁਲਿਸ ਦੀ ਮਦਦ ਕੀਤੀ।
ਪਿੰਡ ਜਵਾਹਰ ਦੀ ਉਸ ਗਲੀ ਵਿਚ ਦੀਵਾਰਾਂ ‘ਤ ਅਜੇ ਵੀ ਮੂਸੇਵਾਲਾ ਦਾ ਖੂਨ ਲੱਗਾ ਹੈ ਤੇ ਗੋਲੀਆਂ ਦੇ ਨਿਸ਼ਾਨ ਹਨ ਜਿਥੇ ਹੱਤਿਆ ਕੀਤੀ ਗਈ। ਪਿੰਡ ਦੇ ਕਿਸੇ ਵਿਅਕਤੀ ਨੇ ਮੂਸੇਵਾਲਾ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਕੋਈ ਵੀ ਬਾਹਰ ਨਹੀਂ ਆਇਆ। ਇਕ ਅਣਜਾਣ ਵਿਅਕਤੀ ਨੇ ਆਪਣੀ ਮੋਟਰਸਾਈਕਲ ‘ਤੇ ਮੂਸੇਵਾਲਾ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਮੌਤ ਹੋ ਗਈ।
ਥੋੜ੍ਹੀ ਦੇਰ ਵਿਚ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮਾਨਸਾ ਪੁਲਿਸ ਮੌਕੇ ‘ਤੇ ਪਹੁੰਚੀ। ਘਟਨਾ ਦੇ ਲਗਭਗ ਇੱਕ ਘੰਟੇ ਬਾਅਦ ਪੁਲਿਸ ਆਈ।
ਪ੍ਰਿੰਸ ਨੇ ਦੱਸਿਆ ਕਿ ਚੈੱਕ ਕਮੀਜ਼ ਪਹਿਨਿਆ ਇਕ ਨੌਜਵਾਨ ਸੀ ਜਿਸ ਕੋਲ ਏਕੇ 47 ਰਾਈਫਲ ਸੀ। ਉਸ ਨੇ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ। ਬਾਕੀ 6 ਨੌਜਵਾਨਾਂ ਨੇ ਇਧਰ-ਉਧਰ ਗੋਲੀਆਂ ਚਲਾ ਕੇ ਉਸ ਨੂੰ ਕਵਰ ਕੀਤਾ ਤੇ ਦਹਿਸ਼ਤ ਫੈਲਾਉਣ ਦਾ ਕੰਮ ਕੀਤਾ। ਇੱਕ ਨੌਜਵਾਨ ਘਟਨਾ ਵਾਲੀ ਥਾਂ ‘ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ਨੌਜਵਾਨ ‘ਤੇ ਵੀ ਗੋਲੀਆਂ ਚਲਾਈਆਂ ਡਰ ਕੇ ਉਹ ਮੌਕੇ ਤੋਂ ਭੱਜ ਗਿਆ।
ਵੀਡੀਓ ਲਈ ਕਲਿੱਕ ਕਰੋ -: