ਜਲੰਧਰ : ਪੁਲਿਸ ਨੇ ਜਲੰਧਰ ਦੇ ਨੂਰਮਹਿਲ ਥਾਣਾ ਖੇਤਰ ਦੇ ਚੀਮਾ ਪਿੰਡ ਵਿੱਚ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਪਿਓ-ਪੁੱਤਰ ਦੇ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਜੇ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਜਲਦੀ ਹੀ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਇਸ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ । ਦਰਅਸਲ, ਪਿਛਲੇ ਦਿਨੀਂ ਬਿਹਾਰ ਦੀ ਪੁਲਿਸ ਨੇ ਜਲੰਧਰ ਪੁਲਿਸ ਨਾਲ ਸੰਪਰਕ ਕੀਤਾ ਸੀ ਅਤੇ ਵਿਦਿਆਨੰਦ ਅਤੇ ਉਸ ਦੇ ਬੇਟੇ ਸ਼ੁਭੱਮ, ਜੋ ਕਿ ਪੂਰਨੀਆ ਜ਼ਿਲ੍ਹੇ ਦੇ ਵਸਨੀਕ ਸਨ, ਦੇ ਗਾਇਬ ਹੋਣ ਦੀ ਜਾਣਕਾਰੀ ਦਿੱਤੀ ਸੀ।
ਜਿਸ ਤੋਂ ਬਾਅਦ ਜਲੰਧਰ ਪੁਲਿਸ ਨੇ ਕਾਰਵਾਈ ਕੀਤੀ ਅਤੇ ਦੋਵੇਂ ਲਾਸ਼ਾਂ ਨੂੰ ਸੁੱਕੇ ਖੂਹ ਤੋਂ ਬਰਾਮਦ ਕੀਤਾ ਅਤੇ ਦੋਸ਼ੀ ਪੂਰਨੀਆ ਬਿਹਾਰ ਨਿਵਾਸੀ ਰਾਮਚੰਦਰ ਖਿਲਾਫ ਕੇਸ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਪੁਲਿਸ ਦੀ ਮੁੱਖ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਰਾਮਚੰਦਰ ਨੇ ਜਲੰਧਰ ਵਿਚ ਕੰਮ ਕਰਵਾਉਣ ਦੇ ਬਹਾਨੇ ਮ੍ਰਿਤਕਾਂ ਨੂੰ ਦਿੱਲੀ ਤੋਂ ਬੁਲਾਇਆ ਸੀ ਪਰ ਦੋਵਾਂ ਕੋਲ ਲਗਭਗ 45 ਹਜ਼ਾਰ ਰੁਪਏ ਦੀ ਨਕਦੀ ਦੇਖ ਕੇ ਉਸਦਾ ਦਿਲ ਬੇਈਮਾਨ ਹੋ ਗਿਆ ।
ਫਿਰ ਉਸ ਨੇ ਉਨ੍ਹਾਂ ਦੋਵਾਂ ਨੂੰ ਖੇਤ ਦੇ ਸੁੱਕੇ ਖੂਹ ਕੋਲ ਪਾਰਟੀ ਕਰਨ ਲਈ ਬੁਲਾਇਆ ਅਤੇ ਫਿਰ ਉਨ੍ਹਾਂ ਦੇ ਖਾਣੇ ਵਿਚ ਜ਼ਹਿਰੀਲੇ ਪਦਾਰਥ ਮਿਲਾ ਕੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਫਿਰ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਲਾਸ਼ਾਂ ‘ਤੇ ਕੈਮੀਕਲ ਜਾਂ ਪੈਟਰੋਲ ਪਾ ਕੇ ਲਾਸ਼ਾਂ ਨੂੰ ਖੇਤ ਵਿਚ ਬਣੇ ਖੂਹ ਵਿਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ : ਬੇਰੋਜ਼ਗਾਰ ਪਿਓ-ਪੁੱਤ ਅਮੀਰ ਬਣਨ ਦੇ ਚੱਕਰ ‘ਚ ਕਰਨ ਲੱਗੇ ਹੈਰੋਇਨ ਸਪਲਾਈ, ਇਸ ਤਰ੍ਹਾਂ ਚੜ੍ਹੇ STF ਦੇ ਹੱਥੇ
ਬਿਹਾਰ ਪੁਲਿਸ ਤੋ ਮਿਲੀ ਜਾਣਕਾਰੀ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਕਤਲ ਤੋਂ 12 ਦਿਨਾਂ ਬਾਅਦ ਦੋਵੇਂ ਲਾਸ਼ਾਂ ਨੂੰ ਸੁੱਕੇ ਖੂਹ ਵਿਚੋਂ ਬਰਾਮਦ ਕੀਤਾ, ਜਿਸ ਤੋਂ ਬਾਅਦ ਮ੍ਰਿਤਕਾਂ ਦੇ ਡੀ.ਐੱਨ.ਏ. ਸੈਪਲ ਮੰਗਲਵਾਰ ਨੂੰ ਅੰਮ੍ਰਿਤਸਰ ਭੇਜੇ ਗਏ।