ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸਰਹੱਦ ਪਾਰ ਤੋਂ ਕੰਮ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ ਲਗਭਗ 30 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ DGP ਗੌਰਵ ਯਾਦਵ ਵੱਲੋਂ ਦਿੱਤੀ ਗਈ।
ਦੱਸ ਦੇਈਏ ਕਿ ਜ਼ਬਤ ਕੀਤੀ ਗਈ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 200 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
ਦੋਸ਼ੀਆਂ ਦੀ ਮੁੱਖ ਭੂਮਿਕਾ ਵੱਖ-ਵੱਖ ਥਾਵਾਂ ਤੋਂ ਹੈਰੋਇਨ ਦੀ ਖੇਪ ਚੁੱਕ ਕੇ ਉਸ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਹੋਰ ਤਸਕਰਾਂ ਨੂੰ ਪਹੁੰਚਾਉਣਾ ਸੀ। ਇਸ ਤਰ੍ਹਾਂ ਉਹ ਪੂਰੀ ਡਰੱਗ ਸਪਲਾਈ ਚੇਨ ਦਾ ਇੱਕ ਮੁੱਖ ਹਿੱਸਾ ਸਨ।

ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਪੁਲਿਸ ਸਟੇਸ਼ਨ ਵਿੱਚ ਐਨਡੀਪੀਐਸ ਐਕਟ ਤਹਿਤ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਹੁਣ ਇਸ ਨੈੱਟਵਰਕ ਦੇ ਅਗਲੇ ਅਤੇ ਪਿਛਲੇ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਤਾਂ ਜੋ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ।
ਇਹ ਵੀ ਪੜ੍ਹੋ : ‘ਦੂਜਾ ਪੱਖ ਵਿਖਾਉਣ ਲਈ ਧੁਰੰਧਰ 3 ਬਣਾ ਲੈਣ…’, ‘ਸਤਲੁਜ’ ਫਿਲਮ ਵਿਵਾਦ ‘ਤੇ ਬਲਤੇਜ ਪੰਨੂ ਦਾ ਬਿੱਟੂ ‘ਤੇ ਤੰਜ
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਸੂਬੇ ਵਿੱਚ ਕਿਸੇ ਵੀ ਕੀਮਤ ‘ਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨੂੰ ਵਧਣ-ਫੁੱਲਣ ਨਹੀਂ ਦਿੱਤਾ ਜਾਵੇਗਾ। ਸਰਹੱਦ ਪਾਰ ਤਸਕਰੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਜਿਹੇ ਨੈੱਟਵਰਕਾਂ ਨੂੰ ਜੜ੍ਹੋਂ ਪੁੱਟਣ ਲਈ ਵਿਸ਼ੇਸ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਦੀ ਖੇਪ ਫੜੀ ਜਾ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:










