ਸਿਆਲਕੋਟ ਸ਼ਹਿਰ ਵਿਚ ਇੱਕ ਬਹੁਤ ਵੱਡਾ ਧਨਾਢ ਖੱਤਰੀ ਰਹਿੰਦਾ ਸੀ। ਕੋਈ ਔਲਾਦ ਨਾ ਹੋਣ ਕਰਕੇ ਉਹ ਬੜਾ ਫਿਕਰਮੰਦ ਸੀ। ਲੋਕਾਂ ਦੇ ਕਹਿਣ ‘ਤੇ ਉਹ ਪੀਰ ਹਮਜ਼ਾ ਗੌਂਸ ਕੋਲ ਗਿਆ ਅਤੇ ਬੇਨਤੀ ਕੀਤੀ ਕਿ ਉਸ ਨੂੰ ਪੁੱਤਰ ਦੀ ਦਾਤ ਦੀ ਬਖ਼ਸ਼ਿਸ਼ ਹੋਵੇ।
ਉਸ ਨੇ ਪੀਰ ਨਾਲ ਇਹ ਇਕਰਾਰ ਵੀ ਕੀਤਾ ਕਿ ਉਹ ਆਪਣਾ ਪਹਿਲਾ ਪੁੱਤਰ ਪੀਰ ਦੇ ਡੇਰੇ ‘ਤੇ ਚੜ੍ਹਾ ਦੇਵੇਗਾ।ਕੁਝ ਸਮਾਂ ਪਾ ਕੇ ਸੇਠ ਦੇ ਘਰ ਤਿੰਨ ਪੁੱਤਰ ਪੈਦਾ ਹੋਏ, ਉਹ ਆਪਣੇ ਵੱਡੇ ਪੁੱਤਰ ਨੂੰ ਲੈ ਕੇ ਪੀਰ ਹਮਜ਼ਾ ਗੌਂਸ ਪਾਸ ਗਿਆ ਅਤੇ ਕਹਿਣ ਲੱਗਾ, “ਪੀਰ ਜੀ ਮੈਂ ਆਪਣੇ ਇਕਰਾਰ ਮੁਤਾਬਿਕ ਆਪਣਾ ਪਹਿਲਾ ਪੁੱਤਰ ਤੁਹਾਡੇ ਡੇਰੇ ਚੜ੍ਹਾਉਣ ਵਾਸਤੇ ਲਿਆਇਆ ਹਾਂ।ਅੱਜ ਤੋਂ ਇਹ ਤੁਹਾਡਾ ਹੋਇਆ।ਹੁਣ ਤੁਸੀਂ ਜੋ ਵੀ ਇਸ ਦਾ ਮੁੱਲ ਪਾਵੋ, ਮੈਂ ਦੇਣ ਲਈ ਤਿਆਰ ਹਾਂ। ਇਸ ਦੇ ਮੁੱਲ ਦੀ ਅਦਾਇਗੀ ਕਰਕੇ ਮੈਂ ਇਸ ਨੂੰ ਆਪਣੇ ਨਾਲ ਵਾਪਿਸ ਲੈ ਜਾਵਾਂਗਾ।”
ਪਰ ਪੀਰ ਉਸ ਦੀ ਇਹ ਗੱਲ ਸੁਣ ਕੇ ਬੜੇ ਕ੍ਰੋਥ ਵਿਚ ਆ ਗਿਆ ਅਤੇ ਕਹਿਣ ਲੱਗਾ, “ਮੈਂ ਇਸ ਪੁੱਤਰ ਨੂੰ ਵੇਚਣਾ ਨਹੀਂ ਹੈ, ਮੈਨੂੰ ਧਨ ਦੌਲਤ ਦੀ ਘਾਟ ਨਹੀਂ, ਮੈਨੂੰ ਪੁੱਤਰ ਚਾਹੀਦਾ ਹੈ, ਇਸ ਲਈ ਇਸ ਨੂੰ ਇਥੇ ਛੱਡ ਜਾ ਤੇ ਚਲਦਾ ਬਣ।” ਪਰ ਸੇਠ ਫਿਰ ਤਰਲੇ ਕਰਨ ਲੱਗਾ ਅਤੇ ਉਹ
ਆਪਣੇ ਪੁੱਤਰ ਲਈ ਕੋਈ ਵੀ ਰਕਮ ਦੇਣ ਨੂੰ ਤਿਆਰ ਸੀ। ਪਰ ਜਦ ਪੀਰ ਨੇ ਉਸਦੀ ਇਕ ਨਾ ਮੰਨੀ ਤਾਂ ਉਹ ਆਪਣੇ ਪੁੱਤਰ ਨੂੰ ਆਪਣੇ ਘਰ ਵਾਪਿਸ ਲੈ ਗਿਆ। ਪੀਰ ਨੂੰ ਸੇਠ ਦੀ ਬੇਜ਼ਬਾਨੀ ‘ਤੇ ਗੁੱਸਾ ਆਇਆ। ਉਹ ਆਪਣੇ ਮੁਰੀਦਾਂ ਨੂੰ ਕਹਿਣ ਲੱਗਾ, “ਮੈਂ ਚਾਲ੍ਹੀ ਦਿਨਾਂ ਦਾ ਚਿਲ੍ਹਾ ਕਰਾਂਗਾ ਅਤੇ ਜਿਸ ਸ਼ਹਿਰ ਵਿਚ ਇਹ ਸੇਠ ਵਸਦਾ ਹੈ, ਉਸ ਸ਼ਹਿਰ ਨੂੰ ਸਾੜ ਕੇ ਸਵਾਹ ਕਰ ਦੇਵਾਂਗਾ।”
ਇਹ ਵੀ ਪੜ੍ਹੋ : ਗੰਗੂਸ਼ਾਹ ਨੂੰ ਮਾਇਆ ਦਾ ਹੰਕਾਰ ਆਉਣਾ ਤੇ ਗੁਰੂ ਨੂੰ ਦਿੱਤੇ ਵਚਨ ਤੋਂ ਮੁਕਰਨਾ
ਜਦ ਸ਼ਹਿਰ ਵਿਚ ਇਹ ਖ਼ਬਰ ਪੁੱਜੀ ਤਾਂ ਲੋਕ ਬਹੁਤ ਘਬਰਾਏ ਅਤੇ ਇਕੱਠੇ ਹੋ ਕੇ ਪੀਰ ਦੇ ਦਰ ‘ਤੇ ਆਏ। ਪਰ ਪੀਰ ਦੇ ਮੁਰੀਦਾਂ ਨੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ। ਜਦ ਗੁਰੂ ਨਾਨਕ ਦੇਵ ਜੀ ਸਿਆਲਕੋਟ ਪਹੁੰਚੇ ਤਾਂ ਉਨ੍ਹਾਂ ਨੂੰ ਪੀਰ ਦੇ ਇਸ ਘੁਮੰਡ ਅਤੇ ਕ੍ਰੋਧ ਦਾ ਪਤਾ ਲੱਗਾ ਤਾਂ ਉਹ ਪੀਰ ਦੇ ਗੁੰਬਦ ਤੋਂ ਕੁਝ ਦੂਰ, ਗੁੰਬਦ ਵੱਲ ਧਿਆਨ ਧਰ ਕੇ ਬੈਠ ਗਏ। ਜਦ ਦੁਪਹਿਰਾਂ ਹੋਈਆਂ ਤਾਂ ਗੁੰਬਦ ਫਟ ਗਿਆ, ਪੀਰ ਹਮਜ਼ਾ ਗੌਂਸ ਡਰ ਗਿਆ ਅਤੇ ਝੱਟ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਿਆ। ਇਸ ਤਰ੍ਹਾਂ ਪੀਰ ਦਾ ਚਿਲ੍ਹਾ ਟੁੱਟ ਗਿਆ। ਸਾਰੇ ਲੋਕਾਂ ਸੁੱਖ ਦਾ ਸਾਹ ਲਿਆ ਅਤੇ ਉਹ ਧੰਨਵਾਦ ਵਜੋਂ ਗੁਰੂ ਜੀ ਦੇ ਚਰਨੀਂ ਆ ਲੱਗੇ।