ਸਿਰ ‘ਤੇ ਸੱਟ ਲੱਗਣ ਕਾਰਨ ਇਕ ਬੰਦਾ ਕੋਮਾ ‘ਚ ਚਲਾ ਗਿਆ। ਦੁਖੀ ਪਰਿਵਾਰ ਡੇਢ ਸਾਲ ਤੱਕ ਇਲਾਜ ਕਰਵਾ ਕੇ ਇਸੇ ਭੁਲੇਖੇ ਵਿੱਚ ਰਿਹਾ ਕਿ ਪੁੱਤਰ ਨਾਲ ਕੋਈ ਹਾਦਸਾ ਵਾਪਰ ਗਿਆ ਹੈ। ਹੁਣ ਉਸ ਬੰਦੇ ਨੂੰ ਹੋਸ਼ ਆ ਗਿਆ ਹੈ ਅਤੇ ਉਸ ਨੇ ਜੋ ਖੁਲਾਸਾ ਕੀਤਾ, ਉਸ ਤੋਂ ਪਰਿਵਾਰ ਵੀ ਹੈਰਾਨ ਰਹਿ ਗਿਆ। ਇਹ ਕਹਾਣੀ ਹੈ ਮੋਗਾ ਦੇ ਪਿੰਡ ਮਹਿਣਾ ਦੇ ਰਹਿਣ ਵਾਲੇ ਰਵੀ ਸਿੰਘ ਦੀ।
10 ਦਸੰਬਰ 2021 ਨੂੰ ਰਵੀ ਸਿੰਘ ਨਾਲ ਹਾਦਸਾ ਹੋਇਆ ਸੀ। ਇਸ ਕਾਰਨ ਉਹ ਕੋਮਾ ਵਿੱਚ ਚਲਾ ਗਿਆ ਸੀ। ਕਰੀਬ ਡੇਢ ਸਾਲ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਸਾਰਿਆਂ ਨੂੰ ਪਤਾ ਲੱਗਾ ਕਿ ਰਵੀ ਨਾਲ ਕੋਈ ਹਾਦਸਾ ਨਹੀਂ ਹੋਇਆ, ਸਗੋਂ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਰਵੀ ਨੇ ਖੁਦ ਇਸ ਰਾਜ਼ ਦਾ ਖੁਲਾਸਾ ਕੀਤਾ ਹੈ।
2020 ਵਿੱਚ ਰਵੀ ਸਿੰਘ ਦਾ ਵਿਆਹ ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਰਿੰਪੀ ਕੌਰ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਰਿੰਪੀ ਕੌਰ ਦੇ ਬਹਾਦਰ ਸਿੰਘ ਨਾਂ ਦੇ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਵਿਆਹ ਤੋਂ ਬਾਅਦ ਰਵੀ ਨੂੰ ਰਿੰਪੀ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ। ਰਿੰਪੀ ਨੇ ਆਪਣੇ ਪਤੀ ਨੂੰ ਰਾਹ ‘ਚੋਂ ਹਟਾਉਣ ਲਈ ਆਪਣੇ ਪ੍ਰੇਮੀ ਨਾਲ ਮਿਲ ਕੇ ਰਵੀ ਨੂੰ ਮਾਰਨ ਦੀ ਸਾਜ਼ਿਸ਼ ਰਚੀ।
10 ਦਸੰਬਰ 2021 ਰਵੀ ਮੋਟਰਸਾਈਕਲ ‘ਤੇ ਆਪਣੇ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸਦੇ ਸਾਲੇ ਦੀਪ ਸਿੰਘ ਅਤੇ ਬਹਾਦਰ ਸਿੰਘ ਨੇ ਮੋਟਰਸਾਈਕਲ ਰੁਕਵਾਈ ਅਤੇ ਫਿਰ ਰਵੀ ਨੂੰ ਕਾਫੀ ਕੁੱਟਿਆ। ਫਿਰ ਉਹ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਸਥਿਤ ਬੰਦ ਪਏ ਪੈਟਰੋਲ ਪੰਪ ’ਤੇ ਲੈ ਗਏ। ਉਥੇ ਉਸ ਨੂੰ ਫਿਰ ਜਾਨੋਂ ਮਾਰਨ ਦੀ ਨੀਅਤ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਬਾਅਦ ਵਿੱਚ ਰਵੀ ਦੇ ਪਰਿਵਾਰ ਨੂੰ ਸੜਕ ਹਾਦਸੇ ਵਿੱਚ ਉਸਦੇ ਜ਼ਖਮੀ ਹੋਣ ਦੀ ਸੂਚਨਾ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਰਵੀ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਰਵੀ ਨੂੰ ਪਹਿਲਾਂ ਈਐਸਆਈ ਹਸਪਤਾਲ ਲੁਧਿਆਣਾ ਅਤੇ ਫਿਰ ਓਸਵਾਲ ਹਸਪਤਾਲ ਭੇਜਿਆ ਗਿਆ।
ਗੰਭੀਰ ਸੱਟ ਕਾਰਨ ਰਵੀ ਕੋਮਾ ਵਿੱਚ ਚਲਾ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਸੋਚਿਆ ਕਿ ਉਨ੍ਹਾਂ ਦਾ ਪੁੱਤਰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਹੈ। ਕਰੀਬ ਡੇਢ ਸਾਲ ਬਾਅਦ ਰਵੀ ਕੋਮਾ ਤੋਂ ਬਾਹਰ ਆਇਆ ਅਤੇ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ। ਰਵੀ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਸ ਦੀ ਪਤਨੀ ਰਿੰਪੀ ਨੇ ਆਪਣੇ ਪ੍ਰੇਮੀ ਬਹਾਦਰ ਸਿੰਘ ਅਤੇ ਭਰਾ ਦੀਪ ਸਿੰਘ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਉਸ ਨਾਲ ਕੋਈ ਹਾਦਸਾ ਨਹੀਂ ਵਾਪਰਿਆ ਸੀ। ਰਿੰਪੀ, ਬਹਾਦਰ ਸਿੰਘ ਅਤੇ ਦੀਪ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸਿਰ ’ਤੇ ਲੋਹੇ ਦੀ ਰਾਡ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ 50 ਹਿੰਦੂ ਬਣੇ ਮੁਸਲਮਾਨ, ਪਹਿਲਾਂ 4 ਮਹੀਨੇ ਸੈਂਟਰ ‘ਚ ਦਿੱਤੀ ਗਈ ਇਸਲਾਮ ਦੀ ਟ੍ਰੇਨਿੰਗ
ਰਵੀ ਦੇ ਮੂੰਹੋਂ ਸੱਚ ਜਾਣ ਕੇ ਉਸ ਦੇ ਪਿਤਾ ਬੂਟਾ ਸਿੰਘ ਨੇ ਮੋਗਾ ਦੇ ਐੱਸ.ਐੱਸ.ਪੀ. ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਐਸਐਸਪੀ ਨੇ ਮੋਗਾ ਮਹਿਣਾ ਦੀ ਪੁਲਿਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਥਾਣਾ ਮਹਿਣਾ ਦੇ ਐਸਐਚਓ ਇੰਸਪੈਕਟਰ ਜਸਵਿੰਦਰ ਸਿੰਘ ਨੇ ਰਵੀ ਦੇ ਬਿਆਨਾਂ ਦੇ ਆਧਾਰ ’ਤੇ ਰਵੀ ਦੀ ਪਤਨੀ ਰਿੰਪੀ ਕੌਰ, ਉਸ ਦੇ ਭਰਾ ਦੀਪ ਸਿੰਘ ਅਤੇ ਉਸ ਦੇ ਪ੍ਰੇਮੀ ਬਹਾਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਦੋਸ਼ੀ ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਿੰਪੀ ਕੌਰ ਅਤੇ ਬਹਾਦਰ ਸਿੰਘ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: