ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਕਲਾਸਿਕ ਹੋਟਲ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਮੂੰਹ ‘ਤੇ ਕੇਕ ਲਾਉਣ ਨੂੰ ਲੈ ਕੇ ਹੋਈ ਲੜਾਈ ਵਿੱਚ ਹੋਏ ਡਬਲ ਮਰਡਰ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦੋ ਦੋਸਤਾਂ ਦਾ ਕਤਲ ਕਰਨ ਵਾਲੇ ਸਕੇ ਭਰਾ ਮਨਪ੍ਰੀਤ ਸਿੰਘ ਉਰਫ ਮਨੀ ਢਿੱਲੋਂ ਅਤੇ ਵਿਕਰਮਜੀਤ ਸਿੰਘ ਉਰਫ ਸਿਮੂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ‘ਚੋਂ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਅਤੇ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਕਮਿਸ਼ਨਰ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਦੋਸ਼ੀ ਦੇ ਪਿਤਾ ਸੁਖਵਿੰਦਰ ਸਿੰਘ ਦੇ ਅਸਲੇ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਹੋਰ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਕਮਿਸ਼ਨਰ ਵਿਕਰਮ ਜੀਤ ਦੁੱਗਲ ਦੇ ਅਨੁਸਾਰ, ਸੁਲਤਾਨਵਿੰਡ ਰੋਡ ‘ਤੇ ਸਰਵਰਪੁਰਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਆਪਣੇ ਭਰਾ ਵਿਕਰਮਜੀਤ ਸਿੰਘ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਫਾਇਰਿੰਗ ਕੀਤੀ ਅਤੇ ਮਨੀਸ਼ ਸ਼ਰਮਾ ਅਤੇ ਵਿਕਰਮ ਸਿੰਘ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਲੁੱਟ ਦੀ ਵੱਡੀ ਵਾਰਦਾਤ- ਪਿਸਤੌਲ ਦਿਖਾ ਕੇ ਲੁਟੇਰੇ ਜਿਊਲਰਸ ਤੋਂ ਲੱਖਾਂ ਦੇ ਗਹਿਣੇ ਤੇ ਕੈਸ਼ ਲੈ ਕੇ ਹੋਏ ਫਰਾਰ
ਜਾਂਚ ਤੋਂ ਪਤਾ ਲੱਗਾ ਹੈ ਕਿ 18 ਅਗਸਤ ਦੀ ਸ਼ਾਮ ਨੂੰ ਦੋਸ਼ੀ ਮਜੀਠਾ ਰੋਡ ‘ਤੇ ਇਕ ਹੋਟਲ ਦੇ ਬਾਹਰ ਤਰੁਣਪ੍ਰੀਤ ਸਿੰਘ ਦਾ ਜਨਮ ਦਿਨ ਮਨਾ ਰਹੇ ਸਨ। ਆਪਣਾ ਜਨਮ ਦਿਨ ਮਨਾ ਰਹੇ ਤਰੁਣਪ੍ਰੀਤ ਸਿੰਘ ਦੇ ਮੂੰਹ ‘ਤੇ ਕੇਕ ਲਾਏ ਜਾਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਮਨੀਸ਼ ਅਤੇ ਵਿਕਰਮ ਕੇਕ ਲਾਉਣ ਦਾ ਵਿਰੋਧ ਕਰ ਰਹੇ ਸਨ। ਇਸੇ ਝਗੜੇ ਵਿੱਚ ਦੋਵਾਂ ਭਰਾਵਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਵਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ।