ਅੰਮ੍ਰਿਤਸਰ ਦੇ ਥਾਣਾ ਸਦਰ ਅਧੀਨ ਪੈਂਦੇ ਬਟਾਲਾ ਰੋਡ ਸਥਿਤ ਬਾਂਕੇ ਬਿਹਾਰੀ ਗਲੀ ਮੁਰਗੀਖਾਨਾ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਰੋਕ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਗਈ। ਦੋਸ਼ੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ ਅਤੇ ਨੌਜਵਾਨ ਨੂੰ ਬੁਲਾ ਲਿਆ, ਜਿਵੇਂ ਹੀ ਉਹ ਉਸ ਦੇ ਨੇੜੇ ਪਹੁੰਚਿਆ, ਉਸ ‘ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਨੌਜਵਾਨ ਨੂੰ ਦੋ ਗੋਲੀਆਂ ਲੱਗੀਆਂ ਹਨ।
ਉਸ ਨੂੰ ਜ਼ਖਮੀ ਹਾਲਤ ਵਿਚ ਕੇਡੀ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ, ਏਸੀਪੀ ਜੀਐਸ ਨਾਗਰਾ, ਸੀਆਈਏ ਸਟਾਫ਼ ਇੰਚਾਰਜ ਅਮਨਦੀਪ ਸਿੰਘ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਕੀਤੀ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।
ਮ੍ਰਿਤਕ ਦੀ ਪਛਾਣ ਰਾਹੁਲ ਉਰਫ਼ ਸਾਬਾ (25) ਵਾਸੀ ਸੰਧੂ ਕਾਲੋਨੀ, ਬਟਾਲਾ ਰੋਡ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਸ਼ਨੀਵਾਰ ਨੂੰ ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਫਿਲਹਾਲ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਚਸ਼ਮਦੀਦ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਰਾਹੁਲ ਨਾਲ ਮੋਟਰਸਾਈਕਲ (ਪੀਬੀ-02-ਬੀਬੀ-3553) ’ਤੇ ਸ਼ਾਮ ਕਰੀਬ 4.30 ਵਜੇ ਬਾਂਕੇ ਬਿਹਾਰੀ ਗਲੀ ਮੁਰਗੀਖਾਨਾ ਵਿਖੇ ਖਾਣ-ਪੀਣ ਦਾ ਸਾਮਾਨ ਲੈਣ ਗਿਆ ਸੀ। ਇਸ ਦੌਰਾਨ ਜਦੋਂ ਉਹ ਸਾਮਾਨ ਚੁੱਕਣ ਲੱਗਾ ਤਾਂ ਦੋ ਵਿਅਕਤੀਆਂ ਨੇ ਰਾਹੁਲ ਨੂੰ ਆਵਾਜ਼ ਮਾਰੀ। ਉਹ ਉਨ੍ਹਾਂ ਕੋਲ ਗਿਆ। ਜਿਵੇਂ ਹੀ ਉਹ ਉਨ੍ਹਾਂ ਦੇ ਨੇੜੇ ਪਹੁੰਚਿਆ ਤਾਂ ਉਨ੍ਹਾਂ ਨੇ ਉਸ ‘ਤੇ ਸਿੱਧੀ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ : ਸੁਨੀਲ ਜਾਖੜ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ, ਬੋਲੇ- ‘ਪੰਜਾਬ ਕਾਂਗਰਸ ਦੇ ਲੀਡਰ ਹੀ ਇਸ ਦਾ ਖ਼ਾਤਮਾ ਕਰਨਗੇ’
ਦੋਵਾਂ ਨੇ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਬਾਅਦ ਵੀ ਦੋਸ਼ੀਆਂ ਨੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਕੁਝ ਇੱਟਾਂ-ਪੱਥਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਦੋਸ਼ੀ ਫਾਇਰਿੰਗ ਕਰਕੇ ਫਰਾਰ ਹੋ ਗਏ। ਉਸ ਨੇ ਦੇਖਿਆ ਕਿ ਰਾਹੁਲ ਨੂੰ ਦੋ-ਤਿੰਨ ਗੋਲੀਆਂ ਲੱਗੀਆਂ ਸਨ। ਉਸ ਨੂੰ ਤੁਰੰਤ ਕੇਡੀ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਰਾਹੁਲ ਬਟਾਲਾ ਰੋਡ ‘ਤੇ ਸਥਿਤ ਕੱਪੜਾ ਫੈਕਟਰੀ ‘ਚ ਕੰਮ ਕਰਦਾ ਸੀ।
ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਇਸ ਦੇ ਬਾਵਜੂਦ ਉਸ ਦਾ ਕਤਲ ਕਿਉਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਥੇ ਕਈ ਬਦਮਾਸ਼ ਦਿਨ-ਦਿਹਾੜੇ ਹਥਿਆਰ ਲੈ ਕੇ ਘੁੰਮਦੇ ਹਨ, ਪਰ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੁੰਦੀ। ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਅਪੀਲ ਕੀਤੀ ਹੈ।
ਏਡੀਸੀਪੀ-ਏ ਪ੍ਰਭਜੋਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੇ ਇਹ ਕਤਲ ਕਿਹੜੇ ਕਾਰਨਾਂ ਕਰਕੇ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: