ਗੁਰਦਾਸਪੁਰ ‘ਚ ਸੜਕ ਹਾਦਸੇ ਵਿਚ ਛੁੱਟੀ ‘ਤੇ ਘਰ ਆਇਆ ਫੌਜੀ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦਾ ਉਸ ਦੇ ਜੱਦੀ ਪਿੰਡ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਬਾਜ਼ਾਰ ਜਾਂਦੇ ਸਮੇਂ ਫੌਜੀ ਦਾ ਸਕੂਟਰ ਸੜਕ ‘ਤੇ ਲੱਗੇ ਸਾਈਨ ਬੋਰਡ ਨਾਲ ਟਕਰਾ ਗਿਆ ਸੀ।
ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ (28) ਪੁੱਤਰ ਸਰੂਪ ਸਿੰਘ ਵਾਸੀ ਪਿੰਡ ਭਾਗੋਕਾਵਾਂ ਵਜੋਂ ਹੋਈ ਹੈ। ਮ੍ਰਿਤਕ ਦਾ ਪਿਤਾ ਵੀ ਫੌਜ ਤੋਂ ਸੇਵਾਮੁਕਤ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਉਸ ਦੇ ਵਿਆਹ ਦੀ ਗੱਲ ਕੀਤੀ ਜਾ ਰਹੀ ਸੀ ਪਰ ਵਿਆਹ ਹੋਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਮ੍ਰਿਤਕ ਦੇ ਪਿਤਾ ਸਰੂਪ ਸਿੰਘ ਨੇ ਦੱਸਿਆ ਕਿ ਲਖਵਿੰਦਰ ਕਰੀਬ ਪੰਜ ਸਾਲ ਪਹਿਲਾਂ ਫੌਜ ਦੀ 15 ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਸ਼੍ਰੀਨਗਰ ਵਿੱਚ ਤਾਇਨਾਤ ਸੀ, ਜਿੱਥੇ ਦੋ ਸਾਲ ਪੂਰੇ ਹੋਣ ਤੋਂ ਬਾਅਦ ਉਸ ਨੇ ਆਪਣੀ ਪਲਟਨ ਵਿੱਚ ਪਰਤਣਾ ਸੀ।
ਇਸ ਦੌਰਾਨ ਉਹ 22 ਫਰਵਰੀ ਨੂੰ ਕੁਝ ਦਿਨਾਂ ਦੀ ਛੁੱਟੀ ਲੈ ਕੇ ਘਰ ਆਇਆ ਸੀ। ਉਸੇ ਦਿਨ ਸ਼ਾਮ ਨੂੰ ਉਹ ਕਿਸੇ ਕੰਮ ਲਈ ਆਪਣੇ ਸਕੂਟਰ ‘ਤੇ ਬਾਜ਼ਾਰ ਗਿਆ ਸੀ। ਕੁਝ ਸਮੇਂ ਬਾਅਦ ਘਰ ਵਿਚ ਪਤਾ ਲੱਗਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ।
ਪਤਾ ਲੱਗਾ ਹੈ ਕਿ ਲਖਵਿੰਦਰ ਦਾ ਸਕੂਟਰ ਸੜਕ ‘ਤੇ ਲੱਗੇ ਸਾਈਨ ਬੋਰਡ ਨਾਲ ਟਕਰਾ ਗਿਆ ਸੀ। ਗੰਭੀਰ ਜ਼ਖਮੀ ਲਖਵਿੰਦਰ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿੱਥੇ 23 ਫਰਵਰੀ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਨਸਾ ਦੇਵੀ ਕੰਪਲੈਕਸ ਦੀਆਂ ਦੁਕਾਨਾਂ ‘ਚ ਹੋ ਰਹੇ ਵਿਆਹ, ਇੱਕੋ ਜੈਮਾਲਾ ਦੀ ਵਰਤੋਂ, HC ਨੇ ਹਰਿਆਣਾ ਤੋਂ ਮੰਗਿਆ ਜਵਾਬ