ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੇ ਇਲਾਕੇ ‘ਚ 65 ਸਾਲਾ ਬਜ਼ੁਰਗ ਔਰਤ ਤੇ FCI ਅਫਸਰ ਦੀ ਮਾਂ ਦੇ ਗਹਿਣੇ ਲੁੱਟਣ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਗਟਰ ‘ਚ ਸੁੱਟਣ ਦੇ ਦੋਸ਼ੀ ਮਿਥੁਨ ਨੂੰ ਥਾਣਾ ਫਿਲੌਰ ਦੀ ਪੁਲਸ ਨੇ ਇਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਹੈ।
ਫਿਲੌਰ ਦੇ ਪਿੰਡ ਗੜ੍ਹਾ ‘ਚ ਦੋਸ਼ੀਆਂ ਨੇ ਦੋ ਔਰਤਾਂ ਦੇ ਗਹਿਣੇ ਖੋਹ ਲਏ ਅਤੇ ਡੰਡੇ ਨਾਲ ਕੁੱਟ-ਕੁੱਟ ਕੇ ਅਧਮੋਇਆਂ ਕਰ ਦਿੱਤਾ ਸੀ। ਉਸ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ।
ਐਸਐਸਪੀ ਮੁਖਵਿੰਦਰ ਸਿੰਘ ਅਤੇ ਡੀਐਸਪੀ ਫਿਲੌਰ ਜਗਦੀਸ਼ ਰਾਜ ਨੇ ਦੱਸਿਆ ਕਿ 29 ਮਈ ਨੂੰ ਗੁਰਪ੍ਰੀਤ ਕੌਰ ਅਤੇ ਬਲਜੀਤ ਕੌਰ ਵਾਸੀ ਪਿੰਡ ਗੜ੍ਹਾ ਫਿਲੌਰ ਜ਼ਿਲ੍ਹਾ ਜਲੰਧਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਸੀ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਡੰਡੇ ਨਾਲ ਕੁੱਟਿਆ ਸੀ ਅਤੇ ਉਨ੍ਹਾਂ ਦੇ ਗਹਿਣੇ ਲੈ ਗਏ ਅਤੇ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਦੀਆਂ ਤਿੰਨ ਭੈਣਾਂ ਨੇ ਮੁਲਜ਼ਮ ਦਾ ਸਾਥ ਦਿੱਤਾ।
ਪੁਲਿਸ ਨੇ ਨੀਲਮ ਵਾਸੀ ਜੱਜਨ ਕਲਾਂ ਹਾਲ ਵਾਸੀ ਪਿੰਡ ਗੜਾ, ਰਜਨੀ ਵਾਸੀ ਮੁਹੱਲਾ ਬਾਜ਼ੀਗਰ ਅਜਨਾਲਾ ਅੰਮ੍ਰਿਤਸਰ ਅਤੇ ਜੋਤੀ ਬਾਲਾ ਵਾਸੀ ਪਿੰਡ ਸੰਗੇਵਾਲ ਜਲੰਧਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਮਿਥੁਨ ਉਰਫ਼ ਪ੍ਰੇਮਚੰਦ ਵਾਸੀ ਪਿੰਡ ਅਠਾਵਾ ਦੀਨਾਨਗਰ ਗੁਰਦਾਸਪੁਰ ਨੇ ਪਿੰਡ ਦੀ 65 ਸਾਲਾਂ ਬਜ਼ੁਰਗ ਔਰਤ ਕਮਲਾ ਦੇਵੀ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਗਟਰ ਵਿੱਚ ਸੁੱਟ ਦਿੱਤੀ ਅਤੇ ਗਹਿਣੇ ਤੇ ਨਕਦੀ ਚੋਰੀ ਕਰਕੇ ਲੈ ਗਿਆ ਸੀ, ਜਿਸ ਦੇ ਖਿਲਾਫ ਥਾਣਾ ਦੀਨਾਨਗਰ ਵਿਖੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਸ਼ੀ ਫਰਾਰ ਸੀ। ਮ੍ਰਿਤਕ ਔਰਤ ਦਾ ਇੱਕ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਦੂਜਾ ਪੁੱਤਰ ਐਫਸੀਆਈ ਚੰਡੀਗੜ੍ਹ ਵਿੱਚ ਇੰਸਪੈਕਟਰ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਵੱਡੀ ਵਾਰਦਾਤ, ਲੁੱਟ ਲਈ ਘਰ ‘ਚ ਵੜੇ ਚੋਰ ਨੇ FCI ਇੰਸਪੈਕਟਰ ਦੀ ਮਾਂ ਕੀਤੀ ਕਤਲ
ਪੁਲਿਸ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਦੋਸ਼ੀ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਘਰ ਵਿੱਚ ਔਰਤਾਂ ਨੂੰ ਇਕੱਲੀਆਂ ਵੇਖ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਦੋਸ਼ੀ ਮਿਥੁਨ ਨੇ ਫਿਲੌਰ ਦੇ ਨੇੜਲੇ ਇਲਾਕਿਆਂ ਅਤੇ ਧਾਰਮਿਕ ਸਥਾਨਾਂ ਵਿੱਚ ਕਈ ਵਾਰ ਚੋਰੀਆਂ ਕੀਤੀਆਂ। ਦੋਸ਼ੀ ਮਿਥੁਨ ਨਸ਼ੇ ਦਾ ਆਦੀ ਹੈ ਅਤੇ ਇਸੇ ਲਈ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਵੀਡੀਓ ਲਈ ਕਲਿੱਕ ਕਰੋ -: